ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਔਖੇ ਲੋਕਾਂ ਵੱਲੋਂ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 4 ਜੂਨ
ਬਲਟਾਣਾ ਅਧੀਨ ਪੈਂਦੇ ਸੈਣੀ ਵਿਹਾਰ ਫੇਜ਼-3 ਦੇ ਵਸਨੀਕ ਲੰਘੇ ਕਈ ਦਿਨਾਂ ਤੋਂ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਪ੍ਰੇਸ਼ਾਨ ਹਨ। ਕਲੋਨੀ ਵਾਸੀਆਂ ਨੇ ਅੱਜ ਪਾਵਰਕੌਮ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਚੋਣਾਂ ਤੋਂ ਬਾਅਦ ਹੀ ਕੱਟ ਲੱਗਣ ਦੀ ਮਿਆਦ ਵਧਦੀ ਜਾ ਰਹੀ ਹੈ।
ਕਲੋਨੀ ਵਾਸੀਆਂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਸ ਕਲੋਨੀ ਵਿੱਚ ਬਿਜਲੀ ਦੀ ਕਿੱਲਤ ਬਣੀ ਹੋਈ ਹੈ। ਅਤਿ ਦੀ ਗਰਮੀ ਵਿੱਚ ਬਿਨਾਂ ਬਿਜਲੀ ਤੋਂ ਉਨ੍ਹਾਂ ਨੂੰ ਪ੍ਰੇਸ਼ਾਨੀ ਵਿੱਚ ਸਮਾਂ ਲੰਘਾਉਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੱਸਿਆ ਸਬੰਧੀ ਕਈ ਵਾਰ ਪਾਵਰਕੌਮ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ ਪਰ ਉਹ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਬਿਜਲੀ ਦੀ ਸਪਲਾਈ ਕੁਝ ਠੀਕ ਹੋਈ ਸੀ ਪਰ ਚੋਣਾਂ ਮੁਕਣ ਤੋਂ ਬਾਅਦ ਤਾਂ ਰੋਜ਼ਾਨਾ ਕੱਟ ਲੱਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਥੋੜੀ ਜਿਹੀ ਹਵਾ ਜਾਂ ਹਨੇਰੀ ਚਲਦੀ ਹੈ ਤਾਂ ਸਭ ਤੋਂ ਪਹਿਲਾਂ ਕਲੋਨੀ ਵਿੱਚ ਬਿਜਲੀ ਸਪਲਾਈ ਬੰਦ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਦੁਕਾਨਦਾਰਾਂ ਦੇ ਕੰਮਕਾਜ ਠੱਪ ਹੋ ਗਏ ਹਨ। ਇਸੇ ਤਰ੍ਹਾਂ ਘਰੇਲੂ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਬਿਜਲੀ ਦੇ ਅਣਐਲਾਨੇ ਕੱਟ ਲਾਉਣੇ ਬੰਦ ਕੀਤੇ ਜਾਣ ਅਤੇ ਕੱਟ ਲਾਉਣ ਤੋਂ ਪਹਿਲਾਂ ਇਸ ਦੀ ਜਾਣਕਾਰੀ ਦਿੱਤੀ ਜਾਵੇ।
ਇਸ ਸਬੰਧੀ ਪਾਵਰਕੌਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਰੂਰੀ ਮੁਰੰਮਤ ਦੇ ਚਲਦਿਆਂ ਬਿਜਲੀ ਕੱਟ ਲਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁਰੰਮਤ ਮੁਕੰਮਲ ਹੋ ਗਈ ਹੈ, ਇਸ ਮਗਰੋਂ ਇਹ ਸਮੱਸਿਆ ਨਹੀਂ ਆਵੇਗੀ।
ਬਿਜਲੀ ਲਾਈਨਾਂ ਦੀ ਖ਼ਰਾਬੀ ਕਾਰਨ ਅੱਧੀ ਦਰਜਨ ਪਿੰਡਾਂ ਦੇ ਵਾਸੀ ਪ੍ਰੇਸ਼ਾਨ
ਬਨੂੜ (ਪੱਤਰ ਪ੍ਰੇਰਕ): ਪਾਵਰਕੌਮ ਦੇ ਬਨੂੜ ਉਪ-ਮੰਡਲ ਅਧੀਨ ਪੈਂਦੇ ਪਿੰਡ ਸੂਰਜਗੜ੍ਹ, ਘੜਾਮਾਂ, ਮੋਹੀ ਕਲਾਂ, ਖੇੜੀ ਗੁਰਨਾ, ਨੰਦਗੜ੍ਹ ਅਤੇ ਲੂੰਹਡ ਦੇ ਵਸਨੀਕ ਬਿਜਲੀ ਲਾਈਨਾਂ ਦੀ ਖ਼ਰਾਬੀ ਤੋਂ ਬਹੁਤ ਪ੍ਰੇਸ਼ਾਨ ਹਨ। ਲਾਈਨਾਂ ਦੇ ਨੁਕਸ ਕਾਰਨ ਇਨ੍ਹਾਂ ਪਿੰਡਾਂ ਦੇ ਖ਼ਪਤਕਾਰਾਂ ਨੂੰ ਸਖ਼ਤ ਗਰਮੀ ਵਿੱਚ ਸਾਰੀ-ਸਾਰੀ ਰਾਤ ਬਿਨਾਂ ਬਿਜਲੀ ਤੋਂ ਰਹਿਣਾ ਪੈ ਰਿਹਾ ਹੈ। ਪਿੰਡ ਸੂਰਜਗੜ੍ਹ ਦੇ ਵਸਨੀਕ ਅਮਰੀਕ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੀ ਬਿਜਲੀ ਲਾਈਨ ਬਹੁਤ ਪੁਰਾਣੀ ਹੈ। ਇਸ ਕਾਰਨ ਹਰ ਦੂਜੇ ਤੀਜੇ ਦਿਨ ਲਾਈਨਾਂ ਖ਼ਰਾਬ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਲਾਈਨਾਂ ਵਿੱਚ ਪਏ ਨੁਕਸ ਨੂੰ ਠੀਕ ਕਰਨ ਲਈ ਰਾਤ ਸਮੇਂ ਕੋਈ ਵੀ ਬਿਜਲੀ ਮੁਲਾਜ਼ਮ ਤਾਇਨਾਤ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਬਿਜਲੀ ਦੀ ਖ਼ਰਾਬੀ ਕਾਰਨ ਦਸ-ਦਸ ਘੰਟੇ ਵੀ ਬਿਜਲੀ ਬੰਦ ਰਹਿੰਦੀ ਹੈ। ਉਨ੍ਹਾਂ ਪਾਵਰਕੌਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਨ੍ਹਾਂ ਲਾਈਨਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਬਿਜਲੀ ਦੇ ਨੁਕਸ ਨੂੰ ਦੂਰ ਕਰਨ ਲਈ ਰਾਤ ਸਮੇਂ ਬਿਜਲੀ ਕਰਮਚਾਰੀ ਤਾਇਨਾਤ ਕੀਤੇ ਜਾਣ।