ਦੁਨੇਰਾ-ਲਹਿਰੂਨ ਸੜਕ ਬੰਦ ਕਰਨ ’ਤੇ ਲੋਕਾਂ ਵੱਲੋਂ ਪ੍ਰਦਰਸ਼ਨ
ਪੱਤਰ ਪ੍ਰੇਰਕ
ਪਠਾਨਕੋਟ, 7 ਅਗਸਤ
ਗ੍ਰਾਮ ਪੰਚਾਇਤ ਲਹਿਰੂਨ ਦੇ ਸਰਪੰਚ ਪੂਰਨ ਧੀਮਾਨ ਦੀ ਪ੍ਰਧਾਨਗੀ ਹੇਠ ਬਖਤਪੁਰ ਚੌਕ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਵੱਲੋਂ ਦੁਨੇਰਾ-ਲਹਿਰੂਨ ਸੜਕ ਦੀ ਮੁਰੰਮਤ ਕਰਨ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਦੇ ਪ੍ਰਧਾਨ ਬਲਬੀਰ ਸਿੰਘ ਰੰਧਾਵਾ, ਸਰਪੰਚ ਸੁਖਨਿਆਲ ਰੋਸ਼ਨ ਲਾਲ, ਕਿਸ਼ਨ ਗੋਸਵਾਮੀ ਜੰਡਵਾਲ, ਅਮਰਜੀਤ ਦੁਰੰਗਖੱਡ, ਮਾਨ ਸਿੰਘ ਨਾਰਾਇਣਪੁਰ, ਸਾਬਕਾ ਸਰਪੰਚ ਸਾਰਟੀ ਤੇ ਬਲਾਕ ਕਾਂਗਰਸ ਪ੍ਰਧਾਨ ਰਾਜੂ, ਸਾਬਕਾ ਬਲਾਕ ਪ੍ਰਧਾਨ ਤੇ ਸਰਪੰਚ ਦੁਨੇਰਾ ਰਾਜੇਸ਼ ਕੁਮਾਰ, ਸਰਪੰਚ ਦੁਨੇਰਾ ਝਿੱਕਲਾ ਪੱਪੂ ਰਾਮ ਆਦਿ ਸ਼ਾਮਲ ਹੋਏ। ਇਸ ਮੌਕੇ ਮੰਚ ਦਾ ਸੰਚਾਲਨ ਮਾਸਟਰ ਨਰਸਿੰਘ ਲਾਲ ਅਗਨੀਹੋਤਰੀ ਨੇ ਕੀਤਾ।
ਸਮੂਹ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਨੇਰਾ-ਲਹਿਰੂਨ ਲਿੰਕ ਸੜਕ ਦੀ ਖਸਤਾ ਹਾਲਤ ਕਾਰਨ ਪੀਡਬਲਯੂਡੀ ਵਿਭਾਗ ਨੇ ਉਕਤ ਸੜਕ ਨੂੰ ਇੱਕ ਦੀਵਾਰ ਬਣਾ ਕੇ ਟ੍ਰੈਫਿਕ ਲਈ ਪੂਰਨ ਰੂਪ ਵਿੱਚ ਬੰਦ ਕਰ ਦਿੱਤਾ ਹੈ ਜਿਸ ਨਾਲ ਦੁਨੇਰਾ ਆਉਣ ਜਾਣ ਵਾਲੇ ਲੋਕ ਬਹੁਤ ਪ੍ਰੇਸ਼ਾਨ ਹਨ। ਖਾਸ ਤੌਰ ’ਤੇ ਲਹਿਰੂਨ, ਗਾਹਲ, ਗਰਲ ਪਿੰਡਾਂ ਵਿੱਚੋਂ ਦੁਨੇਰਾ ਵਿਖੇ ਪੜ੍ਹਨ ਲਈ ਸਕੂਲਾਂ ਵਿੱਚ ਆਉਣ ਵਾਲੇ ਬੱਚੇ ਬਹੁਤ ਹੀ ਪ੍ਰੇਸ਼ਾਨ ਹਨ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ 16 ਅਗਸਤ ਤੱਕ ਸੜਕ ਬਣਾਉਣ ਦਾ ਅਲਟੀਮੇਟਮ ਦਿੱਤਾ ਅਤੇ ਐਲਾਨ ਕੀਤਾ ਕਿ ਜੇਕਰ ਸੜਕ ਦੀ ਮੁਰੰਮਤ ਕਰਕੇ ਉਸ ਨੂੰ ਟ੍ਰੈਫਿਕ ਲਈ ਬਹਾਲ ਨਾ ਕੀਤਾ ਗਿਆ ਤਾਂ ਫਿਰ 17 ਤਰੀਕ ਤੋਂ ਜ਼ਿਲ੍ਹਾ ਪ੍ਰਸ਼ਾਸਨ ਖਿਲਾਫ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ।