ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਵਿਰੋਧੀ ਧਿਰਾਂ ਵੱਲੋਂ ਪ੍ਰਦਰਸ਼ਨ
ਨਵੀਂ ਦਿੱਲੀ, 21 ਦਸੰਬਰ
‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਸੰਸਦ ਮੈਂਬਰਾਂ ਨੇ ਵਿਰੋਧੀ ਧਿਰਾਂ ਦੇ ਐੱਮਪੀਜ਼ ਦੀ ਸੰਸਦ ਵਿਚੋਂ ਮੁਅੱਤਲੀ ਖਿਲਾਫ਼ ਅੱਜ ਪਾਰਲੀਮੈਂਟ ਤੋਂ ਵਿਜੈ ਚੌਕ ਤੱਕ ਰੋਸ ਮਾਰਚ ਕੱਢਿਆ। ਮਾਰਚ ਵਿੱਚ ਸ਼ਾਮਲ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਜ਼ੋਰ ਦੇ ਕੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਸਦਨ ਦੇ ਅੰਦਰ ਨਾ ਬੋਲ ਕੇ ਸੰਸਦੀ ਮਰਿਯਾਦਾ ਦੀ ਉਲੰਘਣਾ ਕੀਤੀ ਹੈ। ਮਾਰਚ ਦੌਰਾਨ ਸੰਸਦ ਮੈਂਬਰਾਂ ਨੇ ਹੱਥਾਂ ਵਿੱਚ ਵਿਸ਼ਾਲ ਬੈਨਰ ਤੇ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ‘ਜਮਹੂਰੀਅਤ ਨੂੰ ਬਚਾਓ’, ‘ਵਿਰੋਧੀ ਧਿਰਾਂ ਦੇ ਐੱਮਪੀਜ਼ ਮੁਅੱਤਲ’, ‘ਸੰਸਦ ਨੂੰ ਪਿੰਜਰਾ ਬਣਾਇਆ’ ਤੇ ‘ਜਮਹੂਰੀਅਤ ਬਰਖਾਸਤ’ ਜਿਹੇ ਸੁਨੇਹੇ ਲਿਖੇ ਹੋਏ ਸਨ।
ਖੜਗੇ ਨੇ ਵਿਜੈ ਚੌਕ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਮਹੂਰੀ ਪ੍ਰਬੰਧ ਵਿਚ ਵਿਰੋਧੀ ਧਿਰ ਨੂੰ ਬੋਲਣ ਦਾ ਹੱਕ ਹੈ ਤੇ ਲੋਕਾਂ ਦੇ ਪ੍ਰਤੀਨਿਧ ਹੋਣ ਦੇ ਨਾਤੇ ਕਾਨੂੰਨਸਾਜ਼ਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਸੰਸਦ ਤੱਕ ਪਹੁੰਚਾਉਣ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਵਿਰੋਧੀ ਧਿਰ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਬੋਲਣਾ ਚਾਹੁੰਦੀ ਹੈ, ਪਰ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਜਾਂ ਰਾਜ ਸਭਾ ਵਿੱਚ ਨਹੀਂ ਆਏ, ਹਾਲਾਂਕਿ ਪ੍ਰਧਾਨ ਮੰਤਰੀ ਵੱਲੋਂ ਹੋਰ ਪਾਸੇ ਤਕਰੀਰਾਂ ਜਾਰੀ ਹਨ। ਉਨ੍ਹਾਂ ਕਿਹਾ, ‘‘ਅਸੀਂ ਸੰਸਦ ਦੀ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ਨੂੰ ਉਭਾਰਨਾ ਚਾਹੁੰਦੇ ਸੀ ਤਾਂ ਕਿ ਇਹ ਪਤਾ ਲੱਗੇ ਕਿ ਇਹ ਕਿਉਂ ਹੋਇਆ ਤੇ ਇਸ ਲਈ ਕੌਣ ਜ਼ਿੰਮੇਵਾਰ ਹੈ। ਪਾਰਲੀਮੈਂਟ ਵੱਡੀ ਪੰਚਾਇਤ ਹੈ। ਜੇਕਰ ਇਥੇ ਨਹੀਂ ਬੋਲਾਂਗੇ ਤਾਂ ਫਿਰ ਕਿੱਥੇ ਬੋਲਾਂਗੇ। ਗ੍ਰਹਿ ਮੰਤਰੀ ਸ਼ਾਹ ਤੇ ਪ੍ਰਧਾਨ ਮੰਤਰੀ ਮੋਦੀ ਦਾ ਸਦਨ ਵਿੱਚ ਨਾ ਆਉਣਾ ਮੰਦਭਾਗਾ ਹੈ। ਜਿਨ੍ਹਾਂ ਮੁੱਦਿਆਂ ਬਾਰੇ ਸਦਨ ਵਿੱਚ ਬੋਲਿਆ ਜਾਣਾ ਚਾਹੀਦਾ ਹੈ, ਉਨ੍ਹਾਂ ਬਾਰੇ ਉਹ ਸਦਨ ਤੋਂ ਬਾਹਰ ਬੋਲਦੇ ਹਨ।’’
ਖੜਗੇ ਨੇ ਕਿਹਾ, ‘‘ਉਹ (ਮੋਦੀ) ਵਾਰਾਨਸੀ, ਅਹਿਮਦਾਬਾਦ ਤੇ ਟੀਵੀ ’ਤੇ ਬੋਲਦੇ ਹਨ, ਪਰ ਸੰਸਦ ਵਿਚ ਨਹੀਂ। ਉਨ੍ਹਾਂ ਨੂੰ ਪਹਿਲਾਂ ਲੋਕ ਸਭਾ ਤੇ ਰਾਜ ਸਭਾ ਵਿੱਚ ਆ ਕੇ ਬੋਲਣਾ ਚਾਹੀਦਾ ਸੀ। ਪਰ ਇਸ ਦੀ ਥਾਂ ਉਹ ਸੰਸਦ ਦੇ ਬਾਹਰ ਬੋਲ ਰਹੇ ਹਨ। ਇਹ ਨਿੰਦਣਯੋਗ ਹੈ ਤੇ ਇਹ ਸਦਨ ਦੀ ਮਰਿਯਾਦਾ ਦੀ ਉਲੰਘਣਾ ਹੈ।’’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਲਗਾਤਾਰ ਅਪੀਲ ਕਰ ਰਹੇ ਹਨ ਕਿ ਸੁਰੱਖਿਆ ’ਚ ਸੰਨ੍ਹ ਦੇ ਮੁੱਦੇ ’ਤੇ ਬੋਲਣ ਦੀ ਇਜਾਜ਼ਤ ਦਿੱਤੀ ਜਾਵੇ। ਖੜਗੇ ਨੇ ਕਿਹਾ ਕਿ ਸਦਨ ਦੀ ਕਾਰਵਾਈ ’ਚ ਸੱਤਾਧਾਰੀ ਪਾਰਟੀ ਦੇ ਮੈਂਬਰ ਹੀ ਅੜਿੱਕੇ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਫ਼ ਹੈ ਕਿ ਭਾਜਪਾ ਨੂੰ ਜਮਹੂਰੀਅਤ ’ਚ ਯਕੀਨ ਨਹੀਂ ਹੈ ਤੇ ਉਹ ਵਿਚਾਰ ਚਰਚਾ ਨਹੀਂ ਚਾਹੁੰਦੀ।ਰਾਜ ਸਭਾ ਵਿੱਚ ਵਿਰੋਧੀ ਧਿਰਾਂ ਦੇ ਆਗੂ ਖੜਗੇ ਨੇ ਕਿਹਾ ਕਿ ਇੰਡੀਆ ਗੱਠਜੋੜ ਦੇ ਆਗੂ ਐੱਮਪੀਜ਼ ਦੀ ਮੁਅੱਤਲੀ ਖਿਲਾਫ਼ ਸ਼ੁੱਕਰਵਾਰ ਨੂੰ ਜੰਤਰ ਮੰਤਰ ’ਤੇ ਰੋਸ ਮੁਜ਼ਾਹਰਾ ਕਰਨਗੇ। ਖੜਗੇ ਨੇ ਕਿਹਾ, ‘‘ਮੁਆਫ਼ ਕਰਨਾ ਮੈਨੂੰ ਇਹ ਕਹਿਣਾ ਪੈ ਰਿਹਾ ਹੈ ਕਿ ਰਾਜ ਸਭਾ ਚੇਅਰਮੈਨ ਨੇ ਇਹ ਮੁੱਦਾ ਚੁੱਕ ਕੇ ਇਕ ਤਰ੍ਹਾਂ ਨਾਲ ਜਾਤੀਵਾਦ ਦੇ ਮੁੱਦੇ ਨੂੰ ਵਿਚ ਲਿਆਂਦਾ ਹੈ।’’ ਇਸ ਮੌਕੇ ਖੜਗੇ ਨਾਲ ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ, ਜਨਰਲ ਸਕੱਤਰ ਕੇ.ਸੀ.ਵੇਣੂਗੋਪਾਲ, ਨੈਸ਼ਨਲ ਕਾਨਫਰੰਸ ਦੇ ਹਸਨੈਨ ਮਸੂਦੀ, ਝਾਰਖੰਡ ਮੁਕਤੀ ਮੋਰਚਾ ਦੇ ਮਹੂਆ ਮਾਝੀ, ਸਮਾਜਵਾਦੀ ਪਾਰਟੀ ਦੇ ਐੱਸ.ਟੀ.ਹਾਸਨ ਮੌਜੂਦ ਸਨ। -ਪੀਟੀਆਈ