For the best experience, open
https://m.punjabitribuneonline.com
on your mobile browser.
Advertisement

ਓਮੈਕਸ ਵਾਸੀਆਂ ਵੱਲੋਂ ਪ੍ਰਬੰਧਕਾਂ ਖ਼ਿਲਾਫ਼ ਪ੍ਰਦਰਸ਼ਨ

11:54 AM Apr 01, 2024 IST
ਓਮੈਕਸ ਵਾਸੀਆਂ ਵੱਲੋਂ ਪ੍ਰਬੰਧਕਾਂ ਖ਼ਿਲਾਫ਼ ਪ੍ਰਦਰਸ਼ਨ
ਨਿਊ ਚੰਡੀਗੜ੍ਹ ਵਿੱਚ ਓਮੈਕਸ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਲੋਕ। -ਫੋਟੋ: ਚੰਨੀ
Advertisement

ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 31 ਮਾਰਚ
ਨਿਊ ਚੰਡੀਗੜ੍ਹ ਵਿੱਚ ਓਮੈਕਸ ਦੇ ਵੱਡੀ ਗਿਣਤੀ ਵਸਨੀਕਾਂ ਨੇ ਆਪਣੀਆਂ ਮੰਗਾਂ ਲਈ ਪ੍ਰਬੰਧਕਾਂ ਨੂੰ ਜਗਾਉਣ ਲਈ ਉਨ੍ਹਾਂ ਖ਼ਿਲਾਫ਼ ਥਾਲੀਆਂ ਖੜਕਾ ਕੇ ਅਤੇ ਤਾੜੀਆਂ ਵਜਾ ਕੇ ਰੋਸ ਪ੍ਰਦਰਸ਼ਨ ਕੀਤਾ। ਓਮੈਕਸ ਰੈਜੀਡੈਂਟਸ ਵੈਲਫੇਅਰ ਅਸੋਸੀਏਸ਼ਨ ਨਿਊ ਚੰਡੀਗੜ੍ਹ ਦੇ ਪ੍ਰਧਾਨ ਪ੍ਰਦੀਪ ਕੁਮਾਰ ਗੁਪਤਾ, ਜਨਰਲ ਸਕੱਤਰ ਪ੍ਰਵੀਨ ਮਲਹੋਤਰਾ ਅਤੇ ਰਜਿੰਦਰ ਵਾਲੀ ਨੇ ਦੱਸਿਆ ਕਿ ਮੁੱਢਲੀਆਂ ਸਹੂਲਤਾਂ ਨਾ ਮਿਲਣ ਕਰਕੇ ਪਿਛਲੇ ਸਾਲ 4 ਸਤੰਬਰ ਨੂੰ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਉਮੈਕਸ ਪਬੰਧਕਾਂ ਨੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਲਈ ਭਰੋਸਾ ਵੀ ਦਿਵਾਇਆ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਨੇ ਕਿਹਾ ਕਿ ਬਿਜਲੀ ਸਪਲਾਈ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਵਿਘਨ ਹੈ। ਖੇਤਰ ਵਿੱਚ ਸਫ਼ਾਈ ਦੀ ਘਾਟ ਹੈ। ਲਾਵਾਰਿਸ ਜਾਨਵਰ ਮੁੱਖ ਸੜਕਾਂ ’ਤੇ ਦਿਨ-ਰਾਤ ਘੁੰਮ ਰਹੇ ਹਨ। ਘਰੇਲੂ ਪ੍ਰੋਗਰਾਮ ਕਰਨ ਲਈ ਕਮਿਊਨਿਟੀ ਸੈਂਟਰ ਦਾ ਪ੍ਰਬੰਧ ਨਹੀਂ। ਸ਼ਹਿਰ ਵਿੱਚ ਆਉਣ-ਜਾਣ ਵਾਲੇ ਲੋਕਾਂ ਲਈ ਕੋਈ ਬਾਥਰੂਮ ਨਹੀਂ ਹੈ, ਖੁੱਲ੍ਹੀਆਂ ਥਾਵਾਂ ’ਤੇ ਉੱਗਿਆ ਘਾਹ-ਫੂਸ ਜੰਗਲ ਦਾ ਰੂਪ ਧਾਰ ਰਿਹਾ ਹੈ। ਪਿੰਡ ਰਾਣੀ ਮਾਜਰਾ ਤੋਂ ਬੂਥਗੜ੍ਹ ਅਤੇ ਟਰੇਡ ਟਾਵਰ ਵੱਲ ਜਾਂਦੀ ਖਸਤਾ ਹਾਲ ਸੜਕ ’ਤੇ ਜ਼ਿਆਦਾਤਰ ਲਾਈਟਾਂ ਬੰਦ ਹੀ ਰਹਿੰਦੀਆਂ ਹਨ। ਇੱਥੇ ਹਨੇਰਾ ਹੋਣ ਕਰਕੇ ਸ਼ਹਿਰ ਵਾਸੀਆਂ ਤੇ ਹੋਰਨਾਂ ਰਾਹਗੀਰਾਂ ਨਾਲ ਲੁੱਟਾਂ-ਖੋਹਾਂ ਹੋ ਜਾਂਦੀਆਂ ਹਨ। ਸੁਰੱਖਿਆ ਸੁਧਾਰ ਲਈ ਕੋਈ ਸੀਸੀਟੀਵੀ ਕੈਮਰਾ ਨਹੀਂ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ’ਤੇ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਦੂਜੇ ਪਾਸੇ ਕੰਪਨੀ ਅਧਿਕਾਰੀ ਅਸੀਮ ਜਸਵਾਲ ਤੇ ਭੁਪਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਜਲਦੀ ਹੀ ਮੁਹੱਈਆ ਕਰਵਾਉਣ ਦੀ ਗੱਲ ਕਹੀ।

Advertisement

Advertisement
Author Image

sukhwinder singh

View all posts

Advertisement
Advertisement
×