ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਪ੍ਰਦਰਸ਼ਨ
ਪੱਤਰ ਪ੍ਰੇਰਕ
ਯਮੁਨਾਨਗਰ, 19 ਜੁਲਾਈ
ਨਗਰ ਨਿਗਮ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਦੂਜੇ ਜ਼ਿਲ੍ਹਿਆਂ ਦੀ ਤਰਜ਼ ’ਤੇ ਬਰਾਬਰ ਕੰਮ, ਬਰਾਬਰ ਤਨਖਾਹ ਨਾ ਦੇਣ, ਸੀਨੀਆਰਤਾ ਦੇ ਆਧਾਰ ’ਤੇ ਤਰੱਕੀ ਨਾ ਦੇਣ, ਦਿਹਾੜੀਦਾਰ ਕਾਮਿਆਂ ਨੂੰ ਗ੍ਰੈਚਿਊਟੀ ਦਾ ਲਾਭ ਨਾ ਦੇਣ ਅਤੇ ਹੋਰ ਮਸਲਿਆਂ ਦਾ ਹੱਲ ਨਾ ਕਰਨ ਵਿਰੁੱਧ ਮੁਲਾਜ਼ਮਾਂ ਵਿੱਚ ਰੋਸ ਹੈ। ਇਸ ਦੌਰਾਨ ਮੁਲਾਜ਼ਮਾਂ ਨੇ ਨਿਗਮ ਦਫ਼ਤਰ ਦੇ ਅੰਦਰ ਜਾ ਕੇ ਨਗਰ ਨਿਗਮ ਕਮਿਸ਼ਨਰ, ਮੇਅਰ ਅਤੇ ਪ੍ਰਸ਼ਾਸਨ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਲਾਏ। ਨਗਰ ਪਾਲਿਕਾ ਸੰਘ ਦੇ ਜਨਰਲ ਸਕੱਤਰ ਮਾਂਗੇਰਾਮ ਤਿਗਰਾ ਤੇ ਜ਼ਿਲ੍ਹਾ ਸਕੱਤਰ ਗੁਲਸ਼ਨ ਭਾਰਦਵਾਜ ਸਰਵ ਕਰਮਚਾਰੀ ਸੰਘ ਹਰਿਆਣਾ ਦੇ ਜ਼ਿਲ੍ਹਾ ਪ੍ਰਧਾਨ ਮਹੀਪਾਲ ਸੌਦੇ ਨੇ ਦੱਸਿਆ ਕਿ ਸਾਲ 2017 ਵਿੱਚ ਕਰਮਚਾਰੀਆਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਲਈ ਨਿਗਮ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਸੀ ਪਰ ਇਹ ਭਰੋਸਾ ਝੂਠਾ ਸਾਬਤ ਹੋਇਆ। ਉਸ ਤੋਂ ਬਾਅਦ 6 ਜੁਲਾਈ 2023 ਨੂੰ ਨਗਰ ਨਿਗਮ ਦੇ ਏਐੱਮਸੀ ਅਤੇ ਯੂਨੀਅਨ ਵਿਚਕਾਰ ਹੋਈ ਗੱਲਬਾਤ ਦੌਰਾਨ ਵੀ ਕੋਈ ਠੋਸ ਹੱਲ ਨਾ ਨਿਕਲਣ ਕਰ ਕੇ ਮੁਲਾਜ਼ਮਾਂ ਨੇ ਹੁਣ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਯੂਨੀਅਨ ਨੇ ਸਖ਼ਤ ਲਹਿਜੇ ਵਿੱਚ ਚਿਤਾਵਨੀ ਦਿੱਤੀ ਕਿ ਨਿਗਮ ਪ੍ਰਸ਼ਾਸਨ ਟਕਰਾਅ ਵਾਲਾ ਰਵੱਈਆ ਛੱਡ ਕੇ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦਾ ਹੱਲ ਕਰੇ ਨਹੀਂ ਤਾਂ ਮੁਲਾਜ਼ਮ ਸ਼ਹਿਰ ਦੀ ਸਫ਼ਾਈ ਦਾ ਕੰਮ ਵੀ ਬੰਦ ਕਰ ਸਕਦੇ ਹਨ।