ਪੇਂਡੂ ਅਦਾਲਤਾਂ ਸਥਾਪਿਤ ਕਰਨ ਦੇ ਫ਼ੈਸਲੇ ਵਿਰੁੱਧ ਵਕੀਲਾਂ ਵੱਲੋਂ ਪ੍ਰਦਰਸ਼ਨ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 14 ਅਕਤੂਬਰ
ਜ਼ਿਲ੍ਹਾ ਕਚਹਿਰੀ ਵਿੱਚ ਸਮੂਹ ਵਕੀਲ ਭਾਈਚਾਰੇ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਣਜੀਤ ਕੁਮਾਰ ਦੀ ਸਰਪ੍ਰਸਤੀ ਹੇਠ ਪੇਂਡੂ ਅਦਾਲਤਾਂ ਦੀ ਸਥਾਪਨਾ ਦੇ ਸਰਕਾਰ ਦੇ ਫ਼ੈਸਲੇ ਵਿਰੁੱਧ ਰੋਸ ਪ੍ਰਗਟਾਇਆ।
ਐਡਵੋਕੇਟ ਰਣਜੀਤ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਗ੍ਰਾਮੀਣ ਨਿਆਲਿਆ ਐਕਟ ਅਧੀਨ ਕੇਸਾਂ ਦੇ ਫੌਰੀ ਨਿਪਟਾਰੇ ਵਾਸਤੇ ਪਿੰਡਾਂ ਵਿੱਚ ਅਦਾਲਤਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਪਰ ਵਕੀਲਾਂ ਦਾ ਮੰਨਣਾ ਹੈ ਇਹ ਫ਼ੈਸਲਾ ਗੈਰ ਜ਼ਰੂਰੀ ਹੈ ਜਿਸ ਦੀ ਮੰਗ ਨਾ ਤਾਂ ਕਦੇ ਆਮ ਲੋਕਾਂ ਵੱਲੋਂ ਅਤੇ ਨਾ ਹੀ ਵਕੀਲਾਂ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕੇ ਪੇਂਡੂ ਅਦਾਲਤਾਂ ਦੀ ਸਥਾਪਨਾ ਦਾ ਫ਼ੈਸਲਾ ਮੋਬਾਈਲ ਕੋਰਟਾਂ ਚਲਾਉਣ ਦੇ ਫ਼ੈਸਲੇ ਵਾਂਗ ਗੈਰ ਵਿਵਹਾਰਿਕ ਅਤੇ ਗਲਤ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਜੇਕਰ ਸਰਕਾਰ ਨੇ ਆਪਣਾ ਫ਼ੈਸਲਾ ਵਾਪਿਸ ਨਾ ਲਿਆ ਤਾ ਸਮੂਹ ਵਕੀਲ ਭਾਈਚਾਰਾ ਆਪਣਾ ਸੰਘਰਸ਼ ਪੰਜਾਬ ਚੰਡੀਗੜ੍ਹ ਤੋਂ ਹਰਿਆਣਾ ਤੱਕ ਲੈ ਕੇ ਜਾਵੇਗਾ। ਉਨ੍ਹਾਂ ਨੇ ਬਿਜਲੀ ਦੇ ਮੁੱਦੇ ’ਤੇ ਮੁਕੇਰੀਆਂ ਬਾਰ ਐਸੋਸੀਏਸ਼ਨ ਨਾਲ ਇਕਮੁੱਠਤਾ ਪ੍ਰਗਟਾਉਂਦਿਆਂ ਉਨ੍ਹਾਂ ਵੱਲੋਂ ਦਿੱਤੇ ਸੂਬਾ ਪੱਧਰੀ ਸੱਦੇ ਦਾ ਸਮਰਥਨ ਕੀਤਾ।