ਜਨਵਾਦੀ ਇਸਤਰੀ ਸਭਾ ਵੱਲੋਂ ਗੜ੍ਹੀ ਮੱਟੋਂ ’ਚ ਮੁਜ਼ਾਹਰਾ
ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 24 ਅਗਸਤ
ਜਨਵਾਦੀ ਇਸਤਰੀ ਸਭਾ ਦੇ ਸੱਦੇ ’ਤੇ ਔਰਤਾਂ ਵੱਲੋਂ ਗੜ੍ਹੀ ਮੱਟੋਂ ਦਰਵਾਜ਼ੇ ਸਾਹਮਣੇ ਟਰੇਨੀ ਡਾਕਟਰ ’ਤੇ ਸਰੀਰਕ ਤਸ਼ੱਦਦ ਢਾਹੁਣ ਵਾਲੇ ਦੋਸ਼ੀਆਂ ਨੂੰ ਫਾਹੇ ਲਗਵਾਉਣ ਲਈ ਵਿਸ਼ਾਲ ਇਕੱਠ ਕਰਕੇ ਮਮਤਾ ਬੈਨਰਜੀ ਸਰਕਾਰ ਤੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਬੀਬੀ ਸੁਭਾਸ਼ ਮੱਟੂ ਸੂਬਾਈ ਮੀਤ ਪ੍ਰਧਾਨ ਜਨਵਾਦੀ ਇਸਤਰੀ ਸਭਾ, ਬੀਬੀ ਸੁਰਿੰਦਰ ਚੁੰਬਰ ਸਾਬਕਾ ਬਲਾਕ ਸਮਿਤੀ ਮੈਂਬਰ, ਜ਼ਿਲ੍ਹਾ ਸਕੱਤਰ, ਡਾਕਟਰ ਮਨਪ੍ਰੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਡਾਕਟਰ ਨੂੰ ਜਬਰ ਜਨਾਹ ਉਪਰੰਤ ਬੇਰਹਿਮੀ ਨਾਲ ਕੀਤੇ ਕਾਤਲ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ। ਜਨਵਾਦੀ ਇਸਤਰੀ ਸਭਾ ਦੇ ਆਗੂਆਂ ਮੰਗ ਕੀਤੀ ਕਿ ਮੈਡੀਕਲ ਸਟਾਫ, ਡਾਕਟਰਾਂ ਦੀ ਸੁਰੱਖਿਆ ਲਈ ਕੌਮੀ ਸੁਰੱਖਿਆ ਕਾਨੂੰਨ ਬਣਾਇਆ ਜਾਵੇ।
ਇਸ ਮੌਕੇ ਮਹਿੰਦਰ ਕੌਰ, ਰਚਨਾ ਦੇਵੀ, ਸੁਨੀਤਾ ਦੇਵੀ, ਜਸਵਿੰਦਰ ਕੌਰ, ਰੇਨੂ ਬਾਲਾ, ਮਨਦੀਪ ਕੌਰ, ਕਮਲੇਸ਼ ਰਾਣੀ, ਜੁਗਿੰਦਰ ਕੌਰ, ਦਲਜੀਤ ਕੌਰ, ਰੇਸ਼ਮ ਕੌਰ, ਸੀਮਾ ਦੇਵੀ, ਸੰਤੋਸ਼ ਕੁਮਾਰੀ, ਵਿਜੈ ਕੁਮਾਰੀ, ਕਾਮਰੇਡ ਦਰਸ਼ਨ ਸਿੰਘ ਮੱਟੂ, ਬਲਰਾਜ ਪੰਡਿਤ, ਸ਼ਿਵ ਕੁਮਾਰ ਤੇ ਹੋਰ ਹਾਜ਼ਰ ਸਨ।