ਵਿਦਿਆਰਥਣਾਂ ਵੱਲੋਂ ਵੀਸੀ ਦਫ਼ਤਰ ਅੱਗੇ ਮੁਜ਼ਾਹਰਾ
ਪ੍ਰਭੂ ਦਿਆਲ
ਸਿਰਸਾ, 1 ਮਾਰਚ
ਚੌਧਰੀ ਦੇਵੀ ਲਾਲ ਯੂਨੀਵਰਸਿਟੀ ’ਚ ਸਥਿਤ ਹਰਕੀ ਦੇਵੀ ਹੋਸਟਲ ਦੀਆਂ ਵਿਦਿਆਰਥਣਾਂ ਨੇ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਹੋਸਟਲ ਦੀ ਵਾਰਡਨ ਨੂੰ ਹਟਾਉਣ ਦੀ ਮੰਗ ਕੀਤੀ। ਵਿਦਿਆਰਥਣਾਂ ਨੇ ਮਿਆਰੀ ਖਾਣਾ ਨਾ ਮਿਲਣ ਦੇ ਗੰਭੀਰ ਦੋਸ਼ ਲਾਏ। ਸੀਡੀਐੱਲਯੂ ਦੇ ਹਰਕੀ ਦੇਵੀ ਹੋਸਟਲ ਦੀਆਂ ਵਿਦਿਆਰਥਣਾਂ ਅੱਜ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਇਕੱਠੀਆਂ ਹੋਈਆਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹੋਸਟਲ ਦੀ ਵਾਰਡਨ ਨੂੰ ਹਟਾਏ ਜਾਣ ਦੀ ਮੰਗ ਕੀਤੀ। ਇਸ ਦੌਰਾਨ ਵਿਦਿਆਰਥਣਾਂ ਨਾਲ ਗੱਲਬਾਤ ਕਰਨ ਆਏ ਯੂਨੀਵਰਸਿਟੀ ਦੇ ਰਜਿਸਟਾਰ ਰਾਜੇਸ਼ ਬਾਂਸਲ ਨੂੰ ਵਿਦਿਆਰਥਣਾਂ ਨੇ ਦੱਸਿਆ ਕਿ ਮੈਸ ਵਿੱਚੋਂ ਮਿਲਣ ਵਾਲਾ ਖਾਣਾ ਬਹੁਤ ਹੀ ਹੇਠਲੇ ਪੱਧਰ ਦਾ ਹੁੰਦਾ ਹੈ। ਇਸ ਸਬੰਧੀ ਕਈ ਵਾਰ ਵਾਰਡਨ ਨੂੰ ਜਾਣੂ ਕਰਵਾਇਆ ਗਿਆ ਹੈ ਪਰ ਪਰਨਾਲਾ ਉਥੇ ਦਾ ਉਥੇ ਹੈ। ਰਜਿਸਟਾਰ ਨੇ ਵਿਦਿਆਰਥਣਾਂ ਦੀ ਗੱਲ ਸੁਣਨ ਮਗਰੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਹ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨਗੇ ਅਤੇ ਉਨ੍ਹਾਂ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ’ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮਗਰੋਂ ਵਿਦਿਆਰਥਣਾਂ ਸ਼ਾਂਤ ਹੋਈਆਂ। ਇਸ ਮੌਕੇ ਵਿਦਿਆਰਥਣ ਪਿੰਕੀ, ਸਰੋਜ, ਮੀਨਾਕਸ਼ੀ, ਰੁਪਿੰਦਰਾ, ਪ੍ਰਵੀਨ ਨੇ ਦੱਸਿਆ ਕਿ ਹੋਸਟਲ ਵਿੱਚ 250 ਦੇ ਕਰੀਬ ਵਿਦਿਆਰਥਣਾਂ ਰਹਿੰਦੀਆਂ ਹਨ। ਖਾਣੇ ਦੇ ਮਿਆਰ ਬਾਰੇ ਤੇ ਹੋਰ ਸਮੱਸਿਆਵਾਂ ਬਾਰੇ ਕਈ ਵਾਰ ਸਬੰਧਤ ਅਧਿਕਾਰੀਆਂ ਨੂੰ ਦੱਸਿਆ ਗਿਆ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਕੇ ਉਨ੍ਹਾਂ ਨੂੰ ਮਜਬੂਰ ਹੋ ਕੇ ਇਹ ਕਦਮ ਚੁੱਕਣਾ ਪਿਆ ਹੈ।