ਕਿਸਾਨਾਂ ਵੱਲੋਂ ‘ਆਪ’ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ
ਮਨੋਜ ਸ਼ਰਮਾ
ਬਠਿੰਡਾ, 2 ਅਪਰੈਲ
ਪੰਜਾਬ ਵਿੱਚ ਕਿਸਾਨਾਂ ਦੇ ਸੰਘਰਸ਼ ਅੱਗੇ ਝੁਕਦਆਂ ਸਰਕਾਰ ਨੇ ਸਾਇਲੋਜ਼ ਵਿੱਚ ਅਨਾਜ ਭੰਡਾਰਨ ਦੀ ਖੁੱਲ੍ਹ ਦਾ ਫ਼ੈਸਲਾ ਭਾਵੇਂ ਵਾਪਸ ਲਿਆ ਹੈ, ਪਰ ਹਰ ਪਾਸੇ ਆਪ ਦੀ ਨਿਖੇਧੀ ਕੀਤੀ ਜਾ ਰਹੀ ਹੈ। ਇਸ ਸਬੰਧੀ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਪੰਜਾਬ ਸਰਕਾਰ ’ਤੇ ਵਰ੍ਹਦੇ ਹੋਏ ਕਿਹਾ ਕਿ ਭਾਵੇਂ ਕਿਸਾਨਾਂ ਦੇ ਦਬਾਅ ਅੱਗੇ ਸਰਕਾਰ ਨੇ ਇਹ ਫੈਸਲਾ ਵਾਪਸ ਲੈ ਲਿਆ ਪਰ ਸਰਕਾਰ ਦਾ ਕਾਰਪੋਰੇਟ ਪੱਖੀ ਚਿਹਰਾ ਨੰਗਾ ਹੋ ਗਿਆ ਹੈ। ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਿਤ ਆਗੂਆਂ ਨੇ ਚਿਤਾਵਨੀ ਦਿੱਤੀ ਖੇਤੀ ਸੈਕਟਰ ਅੰਦਰ ‘ਆਪ’ ਸਰਕਾਰ ਦੀ ਕਾਰਪੋਰੇਟ ਪੱਖੀ ਨੀਤੀ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਨਾ ਹੀ ਕਾਰਪੋਰੇਟ ਨੀਤੀ ਨੂੰ ਲਾਗੂ ਕਰਨ ਦੇਣਗੇ। ਇਸ ਤੋਂ ਪਹਿਲਾਂ ਅੱਜ ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਦੇ ਧਰਨੇ ਜਾਰੀ ਰਹੇ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸਾਇਲੋਜ਼ (ਗੁਦਾਮਾਂ) ਵਿੱਚ ਕਣਕ ਭੰਡਾਰਨ ਦੀ ਖੁੱਲ੍ਹ ਦੇਣ ਖ਼ਿਲਾਫ਼ ਅੱਜ ‘ਆਪ’ ਵਿਧਾਇਕਾਂ ਦੇ ਘਰਾਂ ਧਰਨੇ ਦੇ ਕੇ ਉਨ੍ਹਾਂ ਨੂੰ ਚਿਤਾਵਨੀ ਪੱਤਰ ਸੌਂਪੇ ਗਏ। ਇੱਥੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਇਕ ਮਾਸਟਰ ਜਗਸੀਰ ਸਿੰਘ ਦੀ ਰਿਹਾਇਸ਼ ਅੱਗੇ ਪਿੰਡ ਚੱਕ ਫਤਿਹ ਸਿੰਘ ਵਾਲਾ ਵਿੱਚ ਧਰਨਾ ਦਿੱਤਾ ਗਿਆ ਅਤੇ ਵਿਧਾਇਕ ਨੂੰ ਚਿਤਾਵਨੀ ਪੱਤਰ ਸੌਂਪਿਆ। ਇਸ ਮੌਕੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਬਲਾਕ ਨਥਾਣਾ ਦੇ ਪ੍ਰਧਾਨ ਹੁਸ਼ਿਆਰ ਸਿੰਘ ਅਤੇ ਪ੍ਰੈੱਸ ਸਕੱਤਰ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਹੁਕਮਾਂ ’ਤੇ ਪੰਜਾਬ ਵਿੱਚ ਕਾਰਪੋਰੇਟ ਘਰਾਣਿਆਂ ਦੀਆਂ 9 ਸਾਇਲੋਜ਼ ਨੂੰ 7.25 ਲੱਖ ਟਨ ਕਣਕ ਖਰੀਦ ਕੇ ਭੰਡਾਰਨ ਅਤੇ ਪ੍ਰੋਸੈਸਿੰਗ ਦੀ ਖੁੱਲ੍ਹ ਦੇਣ ਦਾ ਫ਼ੈਸਲਾ ਕਿਸਾਨ ਵਿਰੋਧੀ ਹੈ।
ਮਾਨਸਾ (ਜੋਗਿੰਦਰ ਸਿੰਘ ਮਾਨ): ਸਾਇਲੋਜ਼ ਵਿੱਚ ਕਣਨ ਭੰਡਾਰਨ ਦੀ ਖੁੱਲ੍ਹ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਮਾਨਸਾ ਜ਼ਿਲ੍ਹੇ ਨਾਲ ਸਬੰਧਤ ਤਿੰਨ ਵਿਧਾਇਕਾਂ ਨੂੰ ਚਿਤਾਵਨੀ ਪੱਤਰ ਦੇ ਕੇ ਪੰਜਾਬ ਸਰਕਾਰ ਤੋਂ ਫੈਸਲਾ ਰੱਦ ਕਰਨ ਦੀ ਮੰਗ ਕੀਤੀ। ਜਥੇਬੰਦੀ ਦੀ ਅਗਵਾਈ ਅੱਜ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਮਾਨਸਾ ਹਲਕੇ ਦੇ ਵਿਧਾਇਕ ਵਿਜੈ ਸਿੰਗਲਾ, ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਅਤੇ ਹਲਕਾ ਬੁਢਲਾਡਾ ਤੋਂ ਵਿਧਾਇਕ ਬੁੱਧਰਾਮ ਦੇ ਘਰਾਂ ਅੱਗੇ ਧਰਨੇ ਦੇ ਕੇ ਚਿਤਾਵਨੀ ਪੱਤਰ ਸੌਂਪੇ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਵਿਜੈ ਸਿੰਗਲਾ ਦੇ ਘਰ ਅੱਗੇ ਧਰਨੇ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਵੀ ਜਿਣਸਾਂ ਦੀ ਸਰਕਾਰੀ ਖਰੀਦ ਦਾ ਭੋਗ ਪਾਉਣਾ ਚਾਹੁੰਦੀ ਹੈ। ਇਸੇ ਲਈ ਸਰਕਾਰੀ ਮੰਡੀਆਂ ਨੂੰ ਵੱਡੇ ਸਾਇਲੋਜ਼ ਦੇ ਮਾਲਕਾਂ ਦੇ ਹਵਾਲੇ ਸਰਕਾਰੀ ਮੰਡੀਆਂ ਕੀਤੀਆਂ ਜਾ ਰਹੀਆਂ ਹਨ, ਜੋ ਅੱਗੇ ਜਾ ਕੇ ਸਰਕਾਰੀ ਖਰੀਦ ਅਤੇ ਐਮ.ਐਸ.ਪੀ.ਖਤਮ ਕਰਨ ਦਾ ਆਧਾਰ ਬਣੇਗੀ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਸਰਕਾਰ ਵਲੋਂ ਜਾਰੀ ਪੱਤਰ ਰਾਹੀਂ ਵੱਡੇ ਕਾਰਪੋਰੇਟ ਘਰਾਣਿਆਂ ਦੇ 9 ਸਾਇਲੋਜ਼ ਨੂੰ 7 ਲੱਖ 25000 ਟਨ ਕਣਕ ਖਰੀਦਕੇ ਸਟੋਰ ਅਤੇ ਪ੍ਰੋਸੈਸਿੰਗ ਕਰਨ ਦੀ ਖੁੱਲ੍ਹ ਦੇਣ ਦਾ ਫੈਸਲਾ ਸਰਾਸਰ ਕਿਸਾਨ ਵਿਰੋਧੀ ਫੈਸਲਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਪੂਰੀ ਤਰ੍ਹਾਂ ਕਿਸਾਨ ਤੇ ਲੋਕ ਦੋਖੀ ਹੈ ਅਤੇ ਕਾਰਪੋਰੇਟ ਪੱਖੀ ਹੈ।
ਇਸ ਮੌਕੇ ਵੱਖ-ਵੱਖ ਥਾਵਾਂ ’ਤੇ ਇੰਦਰਜੀਤ ਸਿੰਘ ਝੱਬਰ, ਭੋਲਾ ਸਿੰਘ ਮਾਖਾ, ਮਹਿੰਦਰ ਸਿੰਘ ਰੋਮਾਣਾ, ਉਤਮ ਸਿੰਘ ਰਾਮਾਂਨੰਦੀ, ਸੁੱਖਾ ਸਿੰਘ ਗੋਰਖਨਾਥ ਤੇ ਜੋਗਿੰਦਰ ਸਿੰਘ ਦਿਆਲਪੁਰਾ ਆਦਿ ਨੇ ਸੰਬੋਧਨ ਕੀਤਾ।
(ਜਗਜੀਤ ਸਿੰਘ ਸਿੱਧੂ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ’ਤੇ ਹਲਕਾ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਦੇ ਘਰ ਨੇੜੇ ਧਰਨਾ ਦੇ ਕੇ ਕਿਸਾਨਾਂ ਨੇ ਵਿਧਾਇਕਾ ਨੂੰ ਚਿਤਾਵਨੀ ਪੱਤਰ ਸੌਂਪਿਆ।
ਇਸ ਦੌਰਾਨ ਉਨ੍ਹਾਂ ਮੰਗ ਕੀਤੀ ਸਰਕਾਰ ਵੱਲੋਂ ਇਹ ਫੈਸਲਾ ਵਾਪਸ ਲਿਆ ਜਾਵੇ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ ਅਤੇ ਬਲਾਕ ਜਰਨਲ ਸਕੱਤਰ ਕਾਲਾ ਸਿੰਘ ਚੱਠੇਵਾਲਾ ਨੇ ਦੋਸ਼ ਲਾਇਆ ਕਿ ਸਰਕਾਰ ਚੋਰ ਮੋਰੀਆਂ ਰਾਹੀਂ ਖੇਤੀ ਕਾਨੂੰਨ ਲਾਗੂ ਕਰ ਰਹੀ ਹੈ।
ਮਹਿਲ ਕਲਾਂ (ਨਵਕਿਰਨ ਸਿੰਘ): ਪੰਜਾਬ ਸਰਕਾਰ ਵੱਲੋਂ ਸਾਇਲੋ ਰਾਹੀਂ ਕਾਰਪੋਰੇਟ ਘਰਾਣਿਆਂ ਦੀ ਪੱਖ ਪੂਰਤੀ ਖਿਲਾਫ ਸੂਬਾ ਕਮੇਟੀ ਦੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਮਹਿਲ ਕਲਾਂ ਅਤੇ ਬਲਾਕ ਸ਼ੇਰਪੁਰ ਵੱਲੋਂ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਪੰਡੋਰੀ ਸਥਿਤ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਸਰਕਾਰ ਲਈ ਚਿਤਾਵਨੀ ਪੱਤਰ ਵੀ ਸੌਂਪਿਆ ਗਿਆ।
ਧਰਨੇ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂ ਨਾਹਰ ਸਿੰਘ ਗੁੰਮਟੀ, ਬੁੱਕਣ ਸਿੰਘ ਸੱਦੋਵਾਲ, ਰਾਜਪਾਲ ਸਿੰਘ ਪੰਡੋਰੀ, ਅਜੈਬ ਸਿੰਘ ਪੰਡੋਰੀ, ਜਸਵੰਤ ਸਿੰਘ ਪੰਡੋਰੀ ਤੇ ਨਿਸ਼ਾਨ ਸਿੰਘ ਗੁੰਮਟੀ ਆਦਿ ਨੇ ਸੰਬੋਧਨ ਕੀਤਾ।