ਕਿਸਾਨਾਂ ਵੱਲੋਂ ਗੰਢੂਆਂ ਗਰਿੱਡ ਅੱਗੇ ਪ੍ਰਦਰਸ਼ਨ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 27 ਜੁਲਾਈ
ਨੇੜਲੇ ਪਿੰਡ ਗੰਢੂਆਂ ਦੇ ਬਿਜਲੀ ਗਰਿੱਡ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸਿੱਧੂਪੁਰ ਦੇ ਕਾਰਕੁਨਾਂ ਨੇ ਸਾਂਝੇ ਤੌਰ ’ਤੇ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਲਾਕ ਸੁਨਾਮ ਦੇ ਕਿਸਾਨ ਆਗੂ ਸੁਖਪਾਲ ਮਾਣਕ ਕਣਕਵਾਲ ਦੀ ਅਗਵਾਈ ਹੇਠ ਇਕੱਤਰ ਮੁਜ਼ਾਹਰਾਕਾਰੀਆਂ ਦਾ ਦੋਸ਼ ਸੀ ਕਿ ਸੂਬਾ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਅੰਤਰ ਹੈ, ਜਿਸਦੇ ਚੱਲਦਿਆਂ ਸੂਬੇ ਵਿੱਚ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੀ ਗੱਲ ਤਾਂ ਹਰ ਥਾਂ ਆਖੀ ਜਾ ਰਹੀ ਹੈ ਪਰ ਦੂਜੇ ਪਾਸੇ ਇਸ ਖਿੱਤੇ ਦੇ ਕਿਸਾਨਾਂ ਨੂੰ ਬਿਜਲੀ ਨਾਮਾਤਰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਖਿੱਤੇ ਅੰਦਰ ਕਿਸਾਨੀ ਲਈ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਰ ਕੇ ਪਾਣੀ ਦੀ ਘਾਟ ਕਾਰਨ ਝੋਨਾ ਪੂਰੀ ਤਰ੍ਹਾਂ ਸੁੱਕ ਚੁੱਕਾ ਹੈ, ਜਦੋਂਕਿ ਕਿਸਾਨ ਆਪਣੇ ਪੱਧਰ ’ਤੇ ਕੀਮਤੀ ਡੀਜ਼ਲ ਫੂਕਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਗੰਢੂਆਂ ਦੇ ਇਸ ਪਾਵਰ ਗਰਿੱਡ ਦੀ ਮਸ਼ੀਨ 20 ਐੱਮਬੀ ਦੀ ਹੈ, ਜੋ ਕਿ ਬਹੁਤ ਘੱਟ ਹੈ, ਜਦੋਂਕਿ ਇੱਥੇ ਇੱਕ ਹੋਰ 20 ਐੱਮਬੀ ਦੀ ਮਸ਼ੀਨ ਦੀ ਵੱਡੀ ਲੋੜ ਹੈ ਤਾਂ ਕਿ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਮਿਲ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਬਿਜਲੀ ਗਰਿੱਡ ਨੂੰ ਅੱਪਗ੍ਰੇਡ ਨਾ ਕੀਤਾ ਤਾਂ ਸੰਘਰਸ਼ ਵਿੱਢਿਆ ਜਾਵੇਗਾ।