ਕਿਸਾਨਾਂ ਵੱਲੋਂ ਥਾਣਾ ਸੰਦੌੜ ਅੱਗੇ ਪ੍ਰਦਰਸ਼ਨ
ਮੁਕੰਦ ਸਿੰਘ ਚੀਮਾ
ਸੰਦੌੜ, 25 ਨਵੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵੱਲੋਂ ਪਿੰਡ ਦੁੱਨੇਵਾਲਾ (ਬਠਿੰਡਾ) ਵਿਚ ਕਿਸਾਨਾਂ ’ਤੇ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ ਖ਼ਿਲਾਫ਼ ਥਾਣਾ ਸੰਦੌੜ ਅੱਗੇ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ। ਯੂਨੀਅਨ ਦੇ ਸੂਬਾ ਕਾਰਜਕਾਰੀ ਆਗੂ ਗੁਰਮੇਲ ਸਿੰਘ ਮਹੋਲੀ ਅਤੇ ਜ਼ਿਲ੍ਹਾ ਪ੍ਰਧਾਨ ਸ਼ੇਰ ਸਿੰਘ ਮਹੋਲੀ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਬਠਿੰਡਾ ਵਿੱਚ ਵਾਪਰੀ ਘਟਨਾ ਦੀ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਪੰਜਾਬ ਦੀ ਉਪਜਾਊ ਅਤੇ ਜਰਖੇਜ਼ ਧਰਤੀ ਨੂੰ ਸੜਕਾਂ ਅਤੇ ਹਾਈਵੇਅ ਜ਼ਰੀਏ ਰੋਕਿਆ ਜਾ ਰਿਹਾ ਹੈ ਅਤੇ ਕਾਰਪੋਰੇਟ ਘਰਾਣਿਆਂ ਦੇ ਵਪਾਰ ਨੂੰ ਵਧਾਉਣ ਲਈ ਪੰਜਾਬ ਦੀ ਉਪਜਾਊ ਧਰਤੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਜਰਨੈਲ ਸਿੰਘ ਬਿਸ਼ਨਗੜ੍ਹ, ਮਨਜੀਤ ਸਿੰਘ ਧਾਲੀਵਾਲ, ਬੇਅੰਤ ਸਿੰਘ ਧਲੇਰ, ਮਾਸਟਰ ਜਗਰੂਪ ਸਿੰਘ ਸੰਦੌੜ, ਦਰਸ਼ਨ ਸਿੰਘ ਸੰਦੌੜ, ਜਗਦੀਸ਼ ਸਿੰਘ ਛੰਨਾ, ਸਪਿੰਦਰ ਸਿੰਘ ਫਰਵਾਲੀ, ਹਰਜੀਤ ਸਿੰਘ ਰਸੂਲਪੁਰ, ਸੰਦੀਪ ਸਿੰਘ ਦਹਿਲੀਜ, ਦਰਸ਼ਨ ਸਿੰਘ ਦੁਲਮਾਂ, ਪੱਪੀ ਸਿੰਘ ਮਹੋਲੀ ਕਲਾਂ, ਦੀਦਾਰ ਸਿੰਘ ਮਾਣਕੀ, ਜੱਗਾ ਸਿੰਘ ਮਹੋਲੀ ਖੁਰਦ ਅਤੇ ਤਪਿੰਦਰ ਸਿੰਘ ਲੋਹਟਬੱਦੀ ਹਾਜ਼ਰ ਸਨ।
ਡੀਸੀ ਰਾਹੀਂ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਭੇਜਿਆ
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਮਾਲੇਰਕੋਟਲਾ ਇਕਾਈ ਨੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸਿੰਘ ਚੌਂਦਾ ਦੀ ਅਗਵਾਈ ਹੇਠ ਡੀਸੀ ਮਾਲੇਰਕੋਟਲਾ ਰਾਹੀਂ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਵੱਲੋਂ ਹਰਿਆਣਾ ਨੂੰ ਵਿਧਾਨ ਸਭਾ ਅਤੇ ਹੋਰ ਸਰਕਾਰੀ ਦਫ਼ਤਰਾਂ ਲਈ ਇਮਾਰਤਾਂ ਦੀ ਉਸਾਰੀ ਲਈ ਚੰਡੀਗੜ੍ਹ ਦੀ ਦਸ ਏਕੜ ਜ਼ਮੀਨ ਦੇਣ ਦੇ ਫ਼ੈਸਲੇ ਨੂੰ ਨਿੱਜੀ ਤੌਰ ’ਤੇ ਦਖ਼ਲ ਦੇ ਕੇ ਰੱਦ ਕਰਵਾਉਣ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ, ਇਸ ਲਈ ਚੰਡੀਗੜ੍ਹ ’ਤੇ ਪੰਜਾਬ ਦਾ ਹੀ ਹੱਕ ਹੈ। ਯੂਨੀਅਨ ਨੇ ਮੰਗ ਕੀਤੀ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸਮੇਤ ਹੋਰਨਾਂ ਅਦਾਰਿਆਂ’ਚ ਪੰਜਾਬ ਦੀ ਪ੍ਰਤੀਨਿਧਤਾ ਬਹਾਲ ਕਰਵਾਈ ਜਾਵੇ। ਵਫ਼ਦ ਵਿੱਚ ਭੁਪਿੰਦਰ ਸਿੰਘ ਬਨਭੌਰਾ, ਗੁਰਧਿਆਨ ਸਿੰਘ, ਜਗਤਾਰ ਸਿੰਘ, ਨਿਰਮਲ ਸਿੰਘ, ਕੁਲਵਿੰਦਰ ਸਿੰਘ, ਨੇਤਰ ਸਿੰਘ, ਅਮਰੀਕ ਸਿੰਘ ਅਤੇ ਬਲਵਿੰਦਰ ਸਿੰਘ ਸ਼ਾਮਲ ਸਨ।
ਕਿਸਾਨ ਜਥੇਬੰਦੀ ਵੱਲੋਂ ਸੰਘਰਸ਼ ਲਈ ਲਾਮਬੰਦੀ
ਲਹਿਰਾਗਾਗਾ: ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੀ ਮੀਟਿੰਗ ਅੱਜ ਬਲਾਕ ਪ੍ਰਧਾਨ ਬਹਾਲ ਸਿੰਘ ਢੀਂਡਸਾ ਦੀ ਅਗਵਾਈ ਅਧੀਨ ਲਹਿਰਾਗਾਗਾ ਇਕਾਈ ਦੇ ਦਫ਼ਤਰ ਵਿੱਚ ਹੋਈ। ਇਸ ਮੌਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜਥੇਬੰਦੀ ਵੱਲੋਂ 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜ਼ਿਲ੍ਹਾ ਹੈੱਡ ਕੁਆਰਟਰਾਂ ’ਤੇ ਇਕ ਰੋਜ਼ਾ ਧਰਨੇ ਦੇ ਕੇ ਖੇਤੀ ਕਾਨੂੰਨ ਰੱਦ ਕਰਾਉਣ ਵਾਲੇ ਇਸ ਦਿਨ ਤੋਂ ਸ਼ੁਰੂ ਕੀਤੇ ਗਏ ਦਿੱਲੀ ਘੋਲ ਦੇ ਸਮੂਹ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ। ਇਸ ਮੌਕੇ ਸਾਰੀਆਂ ਪਿੰਡ ਇਕਾਈਆਂ ਦੇ ਪ੍ਰਧਾਨਵਰਕਰ ਤੇ ਜਨਰਲ ਸੈਕਟਰੀ ਸਮੂਹ ਬਲਾਕ ਆਗੂ ਹਾਜ਼ਰ ਹੋਏ। -ਪੱਤਰ ਪ੍ਰੇਰਕ