ਝੋਨੇ ਦਾ ਮਿੱਥਿਆ ਭਾਅ ਨਾ ਦੇਣ ਤੋਂ ਖ਼ਫ਼ਾ ਕਿਸਾਨਾਂ ਵੱਲੋਂ ਪ੍ਰਦਰਸ਼ਨ
ਦਵਿੰਦਰ ਸਿੰਘ ਭੰਗੂ
ਰਈਆ, 2 ਦਸੰਬਰ
ਮਾਰਕੀਟ ਕਮੇਟੀ ਰਈਆ ਦੇ ਦਫ਼ਤਰ ਦੇ ਬਾਹਰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬੁਤਾਲਾ ਮੰਡੀ ਦੇ ਕਿਸਾਨਾਂ ਵੱਲੋਂ ਅੱਜ ਆੜ੍ਹਤੀਆਂ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਝੋਨੇ ਦੀ ਫ਼ਸਲ ਦੀ ਅਦਾਇਗੀ ਐੱਮਐੱਸਪੀ (2320) ਦੀ ਥਾਂ 1860 ਤੋਂ 2100 ਰੁਪਏ ਪ੍ਰਤੀ ਕੁਇੰਟਲ ਕੀਤੇ ਜਾਣ ਕਾਰਨ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਮਾਰਕੀਟ ਕਮੇਟੀ ਦੇ ਸੈਕਟਰੀ ਅਤੇ ਡੀਸੀ ਅੰਮ੍ਰਿਤਸਰ ਨੂੰ ਪੱਤਰ ਭੇਜ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਚਰਨ ਸਿੰਘ ਕਲੇਰ ਘੁਮਾਣ, ਅਮਰੀਕ ਸਿੰਘ ਜਮਾਲਪੁਰ, ਤਰਸੇਮ ਸਿੰਘ ਬੁਤਾਲਾ, ਨਿਰਮਲ ਸਿੰਘ ਵੇਦਾਦਪੁਰ, ਬਲਵਿੰਦਰ ਸਿੰਘ, ਜੋਗਿੰਦਰ ਸਿੰਘ ਵੇਦਾਦਪੁਰ, ਬਲਵਿੰਦਰ ਸਿੰਘ ਸ਼ੇਰੋਂ, ਸੰਤੋਖ ਸਿੰਘ ਟਪਿਆਲਾ ਤੇ ਕੁਲਵੰਤ ਸਿੰਘ ਸ਼ੇਰੋਂ ਨੇ ਦੱਸਿਆ ਕਿ ਬੁਤਾਲਾ ਦਾਣਾ ਮੰਡੀ ਵਿੱਚ ਆੜ੍ਹਤੀਆਂ ਵੱਲੋਂ ਕਿਸਾਨਾਂ ਦੀ ਝੋਨੇ ਦੀ ਫ਼ਸਲ ’ਤੇ ਨਮੀ ਦੀ ਮਾਤਰਾ ਵੱਧ ਦੱਸ ਕੇ ਭਾਰੀ ਕੱਟ ਲਾਇਆ ਗਿਆ ਹੈ। ਇਸ ਮੌਕੇ ਪਰਮਜੀਤ ਸਿੰਘ, ਗੁਰਪਿੰਦਰ ਸਿੰਘ, ਕਿਸਾਨ ਜਸਜੀਤ ਸਿੰਘ, ਮਲੂਕ ਸਿੰਘ ਨੇ ਮਾਰਕੀਟ ਕਮੇਟੀ ਦੇ ਸਕੱਤਰ ਤੇ ਅੰਮ੍ਰਿਤਸਰ ਦੇ ਡੀਸੀ ਨੂੰ ਪੱਤਰ ਅਤੇ ਹਲਫ਼ੀਆ ਬਿਆਨ ਭੇਜ ਕੇ ਆਪਣੀ ਬਕਾਇਆ ਅਦਾਇਗੀ ਦਿਵਾਉਣ ਅਤੇ ਇਸ ਘਪਲੇ ਦੀ ਉੱਚ ਪੱਧਰੀ ਜਾਚ ਕਰਵਾ ਕੇ ਹੇਰਾ-ਫੇਰੀ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਕਾਰਵਾਈ ਕਰਾਂਗੇ: ਡੀਐੱਮ
ਪਨਸਪ ਦੇ ਡੀਐੱਮ ਸੁਖਵਿੰਦਰਜੀਤ ਸਿੰਘ ਨੇ ਕਿਹਾ ਕਿ ਜੇਕਰ ਇਸ ਵਿੱਚ ਉਨ੍ਹਾਂ ਦੇ ਕਿਸੇ ਕਰਮਚਾਰੀ ਦੀ ਸ਼ਮੂਲੀਅਤ ਹੋਈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਡੀਸੀ ਅੰਮ੍ਰਿਤਸਰ ਸਾਕਸ਼ੀ ਸਾਹਨੀ ਨਾਲ ਗੱਲਬਾਤ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫ਼ਤਰ ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ।