For the best experience, open
https://m.punjabitribuneonline.com
on your mobile browser.
Advertisement

ਮਲੂਕਾ ਦੇ ਨੂੰਹ-ਪੁੱਤ ਖ਼ਿਲਾਫ਼ ਕਿਸਾਨਾਂ ਵੱਲੋਂ ਪ੍ਰਦਰਸ਼ਨ

09:14 AM Apr 14, 2024 IST
ਮਲੂਕਾ ਦੇ ਨੂੰਹ ਪੁੱਤ ਖ਼ਿਲਾਫ਼ ਕਿਸਾਨਾਂ ਵੱਲੋਂ ਪ੍ਰਦਰਸ਼ਨ
ਬਠਿੰਡਾ ’ਚ ਪਾਰਟੀ ਦਫ਼ਤਰ ਨੇੜੇ ਸੜਕ ’ਤੇ ਬੈਠ ਕੇ ਵਿਰੋਧ ਜ਼ਾਹਿਰ ਕਰਦੇ ਹੋਏ ਕਿਸਾਨ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ
ਬਠਿੰਡਾ, 13 ਅਪਰੈਲ
ਦੋ ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦੇ ਨੂੰਹ-ਪੁੱਤ ਦਾ ਅੱਜ ਇੱਥੇ ਭਾਜਪਾ ਦਫ਼ਤਰ ਪਹੁੰਚਣ ’ਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਭਾਜਪਾ ਵਿੱਚ ਸ਼ਾਮਲ ਹੋਣ ਮਗਰੋਂ ਪਹਿਲੀ ਵਾਰ ਪਰਮਪਾਲ ਕੌਰ ਮਲੂਕਾ ਅਤੇ ਉਨ੍ਹਾਂ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਜਦੋਂ ਪਾਰਟੀ ਦਫ਼ਤਰ ਆਏ ਤਾਂ ਇਸ ਬਾਰੇ ਪਤਾ ਲੱਗਦਿਆਂ ਹੀ ਮਿਨੀ ਸਕੱਤਰੇਤ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ 4 ਅਪਰੈਲ ਤੋਂ ਬੇਮਿਆਦੀ ਮੋਰਚਾ ਚਲਾ ਰਹੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਆਗੂਆਂ ਨੇ ਭਾਜਪਾ ਦਫ਼ਤਰ ਵੱਲ ਵਹੀਰਾਂ ਘੱਤ ਦਿੱਤੀਆਂ। ਅੱਗੇ ਦਫ਼ਤਰ ਦੇ ਬਾਹਰ ਐੱਸਪੀ ਨਰਿੰਦਰ ਸਿੰਘ ਦੀ ਅਗਵਾਈ ’ਚ ਪੁਲੀਸ ਤਾਇਨਾਤ ਸੀ ਅਤੇ ਪੁਲੀਸ ਨੇ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਕਿਸਾਨਾਂ ਨੇ ਇੱਥੇ ਹੀ ਨਾਅਰੇਬਾਜ਼ੀ ਕਰ ਕੇ ਵਿਰੋਧ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਇਸ ਦੌਰਾਨ ਪ੍ਰਸ਼ਾਸਨ ਵੱਲੋਂ ਮਲੂਕਾ ਜੋੜੀ ਸਮੇਤ ਉੱਥੇ ਮੌਜੂਦ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਸਣੇ ਹੋਰ ਲੀਡਰਸ਼ਿਪ ਨੂੰ ਦਫ਼ਤਰ ਦੇ ਪਿਛਲੇ ਦਰਵਾਜ਼ੇ ਤੋਂ ਸੁਰੱਖਿਅਤ ਬਾਹਰ ਕੱਢ ਦਿੱਤਾ ਗਿਆ। ਇਕੱਠ ਦੀ ਅਗਵਾਈ ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ, ਬਲਾਕ ਸੰਗਤ ਦੇ ਪ੍ਰਧਾਨ ਕੁਲਵੰਤ ਸ਼ਰਮਾ ਰਾਏ ਕੇ ਕਲਾਂ ਅਤੇ ਬਲਾਕ ਨਥਾਣਾ ਦੇ ਪ੍ਰਧਾਨ ਹੁਸ਼ਿਆਰ ਸਿੰਘ ਨੇ ਕੀਤੀ।

Advertisement

ਬੀਬੀ ਮਲੂਕਾ ਦੇ ਵਿਰੋਧ ਲਈ ਟੌਲ ਪਲਾਜ਼ਾ ’ਤੇ ਇਕੱਤਰ ਹੋਏ ਕਿਸਾਨ

ਭੁੱਚੋ ਮੰਡੀ (ਪੱਤਰ ਪ੍ਰੇਰਕ): ਬੀਕੇਯੂ ਉਗਰਾਹਾਂ ਅਤੇ ਬੀਕੇਯੂ ਡਕੌਂਦਾ (ਬੂਟਾ ਸਿੰਘ ਬੁਰਜਗਿੱਲ) ਦੇ ਆਗੂਆਂ ਅਤੇ ਵਰਕਰਾਂ ਨੇ ਅੱਜ ਭਾਜਪਾ ਆਗੂ ਪਰਮਪਾਲ ਕੌਰ ਮਲੂਕਾ ਦੇ ਵਿਰੋਧ ਲਈ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਲਹਿਰਾ ਬੇਗਾ ਟੌਲ ਪਲਾਜ਼ਾ ਉੱਤੇ ਬਲਾਕ ਪੱਧਰੀ ਇਕੱਠ ਕੀਤਾ। ਬੀਬੀਆਂ ਸਣੇ ਕਿਸਾਨਾਂ ਨੇ ਜਥੇਬੰਦੀਆਂ ਦੇ ਝੰਡੇ ਲਹਿਰਾਏ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨ ਬੀਬੀ ਮਲੂਕਾ ਨੂੰ ਟੌਲ ਪਲਾਜ਼ਾ ’ਤੇ ਉਡੀਕਦੇ ਰਹੇ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਬਦਲਵੇਂ ਰੂਟ ਰਾਹੀਂ ਬਠਿੰਡਾ ਭੇਜ ਦਿੱਤਾ। ਪਤਾ ਲੱਗਣ ’ਤੇ ਕਿਸਾਨਾਂ ਨੇ ਬੀਬੀ ਮਲੂਕਾ ਦਾ ਪਿੱਛਾ ਵੀ ਕੀਤਾ ਪਰ ਇਸ ਦੌਰਾਨ ਭਾਰੀ ਪੁਲੀਸ ਬਲ ਤਾਇਨਾਤ ਸੀ।

Advertisement
Author Image

sukhwinder singh

View all posts

Advertisement
Advertisement
×