ਜਮਹੂਰੀ ਕਿਸਾਨ ਸਭਾ ਵੱਲੋਂ ਪ੍ਰਦਰਸ਼ਨ
ਗੁਰਬਖਸ਼ਪੁਰੀ
ਤਰਨ ਤਾਰਨ, 21 ਦਸੰਬਰ
ਜਮਹੂਰੀ ਕਿਸਾਨ ਸਭਾ ਨੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੌਰਾਨ ਆੜ੍ਹਤੀਆਂ ਵਲੋਂ ਕੀਤੀ ਗਈ ਕਥਿਤ ਕਟੌਤੀ ਦੇ ਪੈਸੇ ਵਾਪਸ ਕਰਵਾਉਣ ਲਈ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਰੋਸ ਮੁਜ਼ਾਹਰਾ ਕਰਦਿਆਂ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਅਤੇ ਖੇਤੀ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ|
ਜਥੇਬੰਦੀ ਦੇ ਆਗੂ ਮਨਜੀਤ ਸਿੰਘ ਬੱਗੂ ਦੀ ਅਗਵਾਈ ਹੇਠ ਕੀਤੇ ਵਿਖਾਵੇ ਵਿੱਚ ਜਥੇਬੰਦੀ ਦੇ ਆਗੂਆਂ ਨੂੰ ਜ਼ਿਲ੍ਹੇ ਦੇ 40 ਕਿਸਾਨਾਂ ਨੇ ਉਨ੍ਹਾਂ ਤੋਂ ਆੜ੍ਹਤੀਆਂ ਵਲੋਂ ਝੋਨੇ ਦੀ ਖਰੀਦ ਕਰਦਿਆਂ ਕੀਤੀ ਕਟੌਤੀ ਦੇ ਸਬੂਤ ਪੇਸ਼ ਕੀਤੇ ਅਤੇ ਉਨ੍ਹਾਂ ਦੀ ਕੀਤੀ ਕਟੌਤੀ ਵਾਪਸ ਕਰਵਾਏ ਜਾਣ ਦੀ ਮੰਗ ਕੀਤੀ| ਇਸ ਮੌਕੇ ਇਲਾਕੇ ਦੇ ਇਕੱਲੇ ਫੈਲੋਕੇ ਪਿੰਡ ਦੇ ਅੰਗਰੇਜ਼ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਲਾਲ ਸਿੰਘ ਕਿਸਾਨ ਨੇ ਉਨ੍ਹਾਂ ਦੇ ਆੜ੍ਹਤੀਆਂ ਵਲੋਂ ਕੱਟੇ ਦੋ ਲੱਖ ਰੁਪਏ ਤੋਂ ਵਧੇਰੇ ਪੈਸਿਆਂ ਦੇ ਸਬੂਤ ਪੇਸ਼ ਕੀਤੇ| ਵਿਖਾਵਾਕਾਰੀ ਕਿਸਾਨਾਂ ਨੂੰ ਹੋਰਨਾਂ ਤੋਂ ਇਲਾਵਾ ਜਥੇਬੰਦੀ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ, ਰੇਸ਼ਮ ਸਿੰਘ ਫੇਲੋਕੇ, ਹਰਭਜਨ ਸਿੰਘ , ਹਰਦੀਪ ਸਿੰਘ ਰਸੂਲਪੁਰ, ਅੰਮ੍ਰਿਤਪਾਲ ਸਿੰਘ ਤੇ ਹਰਭਜਨ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ|
ਅਜਨਾਲਾ (ਸੁਖਦੇਵ ਸਿੰਘ): ਮੰਡੀਆਂ ਵਿੱਚ ਝੋਨੇ ਦੀ ਖਰੀਦ ਦੌਰਾਨ ਖਰੀਦ ਏਜੰਸੀਆਂ ਤੇ ਸ਼ੈਲਰ ਮਾਲਕਾਂ ਵੱਲੋਂ ਕੀਤੀ ਕਟੌਤੀ ਦੀ ਪੰਜਾਬ ਸਰਕਾਰ ਕੋਲੋਂ ਭਰਪਾਈ ਕਰਵਾਉਣ ਤੇ ਕਿਸਾਨਾਂ-ਮਜ਼ਦੂਰਾਂ ਵਿਰੋਧੀ ਪ੍ਰਸਤਾਵਿਤ ਖੇਤੀਬਾੜੀ ਮਾਰਕੀਟਿੰਗ ਰਾਸ਼ਟਰੀ ਨੀਤੀ ਨੂੰ ਮੁੱਢੋਂ ਰੱਦ ਕਰਵਾਉਣ ਲਈ ਜਮੂਹਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਰੋਸ ਮਾਰਚ ਕੀਤਾ ਗਿਆ। ਮਾਰਚ ਮਗਰੋਂ ਕਿਸਾਨਾਂ ਨੇ ਐੱਸਡੀਐੱਮ ਅਜਨਾਲਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਮੱਲੂਨੰਗਲ ਨੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਪੰਜਾਬ ਸਰਕਾਰ ਦੇ ਦਾਅਵੇ ਦੇ ਉਲਟ ਤਕਰੀਬਨ 80 ਫ਼ੀਸਦੀ ਝੋਨੇ ਦੀ ਖਰੀਦ ਐੱਮਐੱਸਪੀ ਤੋਂ ਘੱਟ ਰੇਟ ’ਤੇ ਕੀਤੀ ਗਈ ਹੈ। ਬਾਸਮਤੀ ਦਾ ਭਾਅ ਵੀ ਘੱਟ ਮਿਲਣ ਕਾਰਨ ਕਿਸਾਨਾਂ ਨੂੰ ਆਰਥਿਕ ਘਾਟਾ ਝੱਲਣਾ ਪਿਆ ਹੈ। ਧਰਨੇ ਦੌਰਾਨ ਮੁੱਖ ਮੰਤਰੀ ਦੇ ਨਾਂ ਤਹਿਸੀਲਦਾਰ ਅਜਨਾਲਾ ਵੱਲੋਂ ਮੰਗ ਪੱਤਰ ਲਿਆ ਗਿਆ।