ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ
ਜਸਬੀਰ ਸਿੰਘ ਸ਼ੇਤਰਾ, ਗੁਰਿੰਦਰ ਸਿੰਘ
ਜਗਰਾਉਂ, ਲੁਧਿਆਣਾ, 4 ਨਵੰਬਰ
ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਵੱਲੋਂ ਝੋਨੇ ਦੀ ਖ਼ਰੀਦ, ਚੁਕਵਾਈ ਅਤੇ ਕਟੌਤੀ ਦੇ ਰੂਪ ’ਚ ਲੁੱਟ ਬੰਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਮੁਜ਼ਾਹਰਾ ਕਰ ਕੇ ਪੰਜਾਬ ਸਰਕਾਰ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਤੋਂ ਪਹਿਲਾਂ ਮੰਡੀਆਂ ਅਤੇ ਪੇਂਡੂ ਖ਼ਰੀਦ ਕੇਂਦਰਾਂ ਵਿੱਚ ਲਗਾਤਾਰ ਦੋ ਦਿਨ ਰੈਲੀਆਂ ਕਰ ਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ, ਰਣਜੀਤ ਸਿੰਘ ਗੁੜੇ, ਡਾ. ਗੁਰਮੇਲ ਸਿੰਘ ਕੁਲਾਰ, ਜਰਨੈਲ ਸਿੰਘ ਮੁੱਲਾਂਪੁਰ, ਅਮਰੀਕ ਸਿੰਘ ਤਲਵੰਡੀ ਅਤੇ ਗੁਰਸੇਵਕ ਸਿੰਘ ਸੋਨੀ ਸਵੱਦੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਖ਼ਰੀਦ ਨਾਲ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਵੱਲੋਂ ਰੋਜ਼ਾਨਾ ਖ਼ਰੀਦ ਕਰਨ ਅਤੇ 72 ਘੰਟੇ ਦੇ ਅੰਦਰ-ਅੰਦਰ ਫ਼ਸਲ ਦੀ ਚੁਕਾਈ ਦੇ ਝੂਠੇ ਐਲਾਨਾਂ, ਬਿਆਨਾਂ ਤੇ ਦਗਮਜ਼ਿਆਂ ਦੀ ਫੂਕ ਉਦੋਂ ਨਿਕਲ ਰਹੀ ਹੈ ਜਦੋਂ ਹਰ ਇੱਕ ਮੰਡੀ ਅਤੇ ਖ਼ਰੀਦ ਕੇਂਦਰ ਵਿੱਚ 14 ਤੋਂ 17 ਫ਼ੀਸਦੀ ਵਾਲੇ ਸੁੱਕੇ ਝੋਨੇ ਸਣੇ ਪੀੜਤ ਕਿਸਾਨ ਦੋ ਹਫ਼ਤਿਆਂ ਤੋਂ ਮੰਡੀਆਂ ਵਿੱਚ ਖੱਜਲ ਹੋਣ ਲਈ ਮਜਬੂਰ ਹਨ।
ਆਗੂਆਂ ਨੇ ਕਿਹਾ ਕਿ ਪ੍ਰਤੀ ਬੋਰੀ ਕਥਿਤ ਕਾਟ ਕੱਟਣ ਜਾਂ ਪ੍ਰਤੀ ਕੁਇੰਟਲ ਐੱਮਐੱਸਪੀ ਵਿੱਚੋਂ ਕਾਟ ਕੱਟਣ ਦੀਆਂ ਚਾਲਾਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਝੋਨੇ ਦੀ ਖ਼ਰੀਦ ’ਤੇ ਚੁਕਾਈ ਪ੍ਰਬੰਧਾਂ ਵਿੱਚ ਫੌਰੀ ਤੇਜ਼ੀ ਯਕੀਨੀ ਬਣਾਉਣ ਅਤੇ ਉਪਰੋਕਤ ਕਟੌਤੀ ਬੰਦ ਕਰਵਾਉਣ ਨਹੀਂ ਤਾਂ ‘ਸਾਂਝਾ ਫੋਰਮ’ ਦੀਆਂ ਭਰਾਤਰੀ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਸਖ਼ਤ ਐਕਸ਼ਨ ਕੀਤਾ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਸਿਰ ਹੋਵੇਗੀ।
ਇਸ ਮੌਕੇ ਜਸਵੰਤ ਸਿੰਘ ਮਾਨ, ਸਰਵਿੰਦਰ ਸਿੰਘ ਸੁਧਾਰ, ਗੁਰਦੀਪ ਸਿੰਘ ਸਵੱਦੀ, ਮੋਦਨ ਸਿੰਘ ਕੁਲਾਰ, ਗੁਰਚਰਨ ਸਿੰਘ ਤਲਵੰਡੀ, ਤੇਜਿੰਦਰ ਸਿੰਘ ਵਿਰਕ, ਜਥੇਦਾਰ ਗੁਰਮੇਲ ਸਿੰਘ ਢੱਟ, ਗੁਰਦੀਪ ਸਿੰਘ ਮੰਡਿਆਣੀ, ਅਮਰਜੀਤ ਸਿੰਘ ਖੰਜਰਵਾਲ, ਕੁਲਦੀਪ ਸਿੰਘ ਸਵੱਦੀ ਅਤੇ ਗੁਰਬਖ਼ਸ਼ ਸਿੰਘ ਤਲਵੰਡੀ ਨੇ ਵੀ ਸੰਬੋਧਨ ਕੀਤਾ।
ਬਾਅਦ ਵਿੱਚ ਵਫ਼ਦ ਨੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਜਿਸ ’ਤੇ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਡੀਏਪੀ ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਉੱਚਿਤ ਕਦਮ ਚੁੱਕੇ ਜਾ ਰਹੇ ਹਨ।