ਦਲਿਤ ਪਰਿਵਾਰਾਂ ਵੱਲੋਂ ਮੰਗਾਂ ਮਨਵਾਉਣ ਲਈ ਮੁਜ਼ਾਹਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 27 ਜੁਲਾਈ
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਵਿੰਦਰ ਸਿੰਘ ਬੌੜਾਂ ਅਤੇ ਨਾਭਾ ਬਲਾਕ ਪ੍ਰਧਾਨ ਬਲਵੰਤ ਬੀਨਾਹੇੜੀ ਦੀ ਅਗਵਾਈ ਹੇਠ ਦਲਿਤ ਪਰਿਵਾਰਾਂ ਸਣੇ ਹੋਰਨਾਂ ਨੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਇਥੇ ਤ੍ਰਿਪੜੀ ਮੋੜ ਸਥਿਤ ਪੁੱਡਾ ਗਰਾਊਂਡ ਵਿੱਚ ਰੋਸ ਰੈਲੀ ਕਰਨ ਮਗਰੋਂ ਡੀਸੀ ਦਫ਼ਤਰ ਵੱਲ ਮਾਰਚ ਕੀਤਾ, ਪਰ ਪੁਲੀਸ ਨੇ ਇਸ ਕਾਫ਼ਲੇ ਨੂੰ ਰਸਤੇ ਵਿੱਚ ਹੀ ਰੋਕ ਲਿਆ। ਇਸ ਧਰਨੇ ਵਿੱਚ ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾਈ ਆਗੂ ਅਮਨਦੀਪ ਕੌਰ ਦਿਓਲ ਤੇ ਹੋਰਨਾਂ ਨੇ ਵੀ ਹਮਾਇਤੀ ਧਿਰ ਵਜੋਂ ਸ਼ਮੂਲੀਅਤ ਕੀਤੀ।
ਇਸ ਦੌਰਾਨ ਕਮੇਟੀ ਨੇ ਤਹਿਸੀਲਦਾਰ ਰਣਜੀਤ ਸਿੰਘ ਵੱਲੋਂ ਮੰਗ ਪੱਤਰ ਹਾਸਲ ਕਰਨ ਮਗਰੋਂ ਧਰਨਾ ਸਮਾਪਤ ਕਰ ਦਿੱਤਾ।
ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਦਲਿਤਾਂ ਨੂੰ ਦੇਣ ਦੀ ਮੰਗ
‘ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ’ ਦੇ ਜ਼ੋਨਲ ਕਮੇਟੀ ਮੈਂਬਰ ਗੁਰਵਿੰਦਰ ਸਿੰਘ ਬੌੜਾਂ ਤੇ ਬਲਵੰਤ ਬੀਨਾਹੇੜੀ ਨੇ ਕਿਹਾ ਕਿ ਕਰੋਨਾ ਦੀ ਆੜ ਵਿੱਚ ਸਰਕਾਰ ਮਜ਼ਦੂਰਾਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਧਨਾਢਾਂ ਵੱਲੋਂ ਗੁਜ਼ਾਰੇ ਲਈ ਪੰਚਾਇਤੀ ਜ਼ਮੀਨ ਖੋਹਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਤੇ ਨਜ਼ੂਲ ਜ਼ਮੀਨਾਂ ’ਤੇ ਧਨਾਢਾਂ ਨੇ ਕਬਜ਼ਾ ਕੀਤਾ ਹੋਇਆ ਹੈ, ਜਿਸ ਕਰ ਕੇ ਇਨ੍ਹਾਂ ਸ਼ਾਮਲਾਟ ਜ਼ਮੀਨਾਂ ਦੇ ਅਸਲ ਹੱਕਦਾਰ ਬੇਜ਼ਮੀਨੇ ਹੋ ਚੁੱਕੇ ਹਨ। ਬੁਲਾਰਿਆਂ ਨੇ ਮੰਗ ਕੀਤੀ ਕਿ ਪਿੰਡਾਂ ’ਚ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਦਲਿਤਾਂ ਨੂੰ 33 ਸਾਲਾਂ ਲਈ ਪਟੇ ’ਤੇ ਘੱਟ ਕੀਮਤ ਵਿੱਚ ਦਿੱਤਾ ਜਾਵੇ।