ਕਾਂਗਰਸੀ ਵਰਕਰਾਂ ਵੱਲੋਂ ਕੌਂਸਲ ਖ਼ਿਲਾਫ਼ ਪ੍ਰਦਰਸ਼ਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਮਾਰਚ
ਸ਼ਹਿਰ ਵਿੱਚ ਕਈ ਥਾਵਾਂ ’ਤੇ ਲੱਗੇ ਕੂੜੇ ਦੇ ਢੇਰਾਂ ਕਾਰਨ ਸਮੱਸਿਆ ਨਾਲ ਜੂਝ ਰਹੇ ਲੋਕਾਂ ਤੇ ਕਾਂਗਰਸ ਪਾਰਟੀ ਵੱਲੋਂ ਸੈਨਿਕ ਰੈਸਟ ਹਾਊਸ ਨਜ਼ਦੀਕ ਲੱਗੇ ਕੂੜੇ ਦੇ ਢੇਰ ਕੋਲ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਨਗਰ ਕੌਂਸਲ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਗੰਭੀਰ ਹੋਈ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਵੱਲੋਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।
ਕਾਂਗਰਸ ਪਾਰਟੀ ਦੇ ਆਗੂ ਹਰਪਾਲ ਸੋਨੂੰ, ਬਿੰਦਰ ਬਾਂਸਲ, ਨੱਥੂ ਲਾਲ ਢੀਂਗਰਾ ਤੇ ਦਰਸ਼ਨ ਕਾਂਗੜਾ ਆਦਿ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਵਿੱਚ ਜਨਤਕ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਪਏ ਹਨ ਜਿਸ ਕਾਰਨ ਸ਼ਹਿਰ ਦੇ ਲੋਕਾਂ ਨੂੰ ਕਈ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ, ਨੌਜਵਾਨਾਂ ਤੇ ਸਕੂਲੀ ਬੱਚਿਆਂ ਆਦਿ ਨੂੰ ਕੂੜੇ ਦੇ ਢੇਰਾਂ ਕੋਲੋਂ ਮੂੰਹ ਢੱਕ ਕੇ ਲੰਘਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੂੜੇ ਦੇ ਢੇਰਾਂ ਕਾਰਨ ਦੂਰ-ਦੂਰ ਤੱਕ ਬੁਦਬੂ ਫੈਲ ਰਹੀ ਹੈ ਅਤੇ ਕੂੜੇ ਦੇ ਢੇਰਾਂ ਲਾਗਲੇ ਮੁਹੱਲਾ ਨਿਵਾਸੀਆਂ ਦਾ ਜੀਣਾ ਦੁੱਭਰ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਫੈਲ ਰਹੀ ਗੰਦਗੀ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ ਪਰ ਮੁਹੱਲਾ ਨਿਵਾਸੀਆਂ ਵਲੋਂ ਹਲਕਾ ਵਿਧਾਇਕ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਗਰ ਕੌਂਸਲ ਅਧਿਕਾਰੀਆਂ ਕੋਲ ਅਨੇਕਾਂ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਮੁਹੱਲਾ ਨਿਵਾਸੀ ਔਰਤਾਂ ਹਰਵਿੰਦਰ ਕੌਰ, ਸ਼ਸ਼ੀ ਚਾਵਰੀਆ, ਸ਼ੁਸਮਾ ਰਾਣੀ, ਸਿਖਾ ਰਾਣੀ ਆਦਿ ਨੇ ਕਿਹਾ ਕਿ ਕੂੜੇ ਦੇ ਢੇਰ ਸੜਕ ਤੱਕ ਖਿੱਲਰਦੇ ਹੀ ਹਨ ਪਰ ਕਈ ਵਾਰ ਉਨ੍ਹਾਂ ਦੇ ਘਰਾਂ ਨੂੰ ਜਾਂਦੀਆਂ ਗਲੀਆਂ ਵੀ ਕੂੜੇ ਕਾਰਨ ਬੰਦ ਹੋ ਜਾਂਦੀਆਂ ਹਨ। ਘਰਾਂ ਅੰਦਰ ਕੂੜੇ ਦੀ ਬੁਦਬੂ ਫੈਲਦੀ ਹੈ ਅਤੇ ਘਰਾਂ ’ਚ ਰਹਿਣਾ ਮੁਸ਼ਕਲ ਹੋਇਆ ਪਿਆ ਹੈ।
ਮਾਮਲਾ ਨਿੱਬੜ ਗਿਆ ਹੈ: ਈਓ
ਨਗਰ ਕੌਂਸਲ ਦੇ ਈਓ ਮੋਹਿਤ ਸ਼ਰਮਾ ਦਾ ਕਹਿਣਾ ਹੈ ਕਿ ਸ਼ਹਿਰ ਦਾ ਕੂੜਾ ਸੁੱਟਣ ਲਈ ਜਿਹੜੀ ਜ਼ਮੀਨ ’ਚ ਡੰਪ ਬਣਿਆ ਹੋਇਆ ਹੈ ਉਸ ਨੂੰ ਆਲੇ ਦੁਆਲੇ ਤਾਰ ਲਗਾ ਕੇ ਕਵਰ ਕਰਨ ਸਬੰਧੀ ਜ਼ਮੀਨ ਮਾਲਕ ਨਾਲ ਸਹਿਮਤੀ ਨਾ ਬਣਨ ਕਾਰਨ ਇਹ ਸਮੱਸਿਆ ਪੈਦਾ ਹੋਈ ਸੀ। ਅੱਜ ਮਾਮਲਾ ਨਿੱਬੜ ਗਿਆ ਹੈ ਅਤੇ ਦੇਰ ਸ਼ਾਮ ਤੱਕ ਸ਼ਹਿਰ ’ਚੋਂ ਸਾਰਾ ਕੂੜਾ ਚੁਕਵਾ ਦਿੱਤਾ ਜਾਵੇਗਾ।