ਮੇਅਰ ਦੀ ਚੋਣ ਖ਼ਿਲਾਫ਼ ਕਾਂਗਰਸ ਤੇ ‘ਆਪ’ ਵੱਲੋਂ ਪ੍ਰਦਰਸ਼ਨ
ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 9 ਫਰਵਰੀ
ਚੰਡੀਗੜ੍ਹ ਦੇ ਮੇਅਰ ਦੀ ਚੋਣ ਦਾ ਵਿਰੋਧ ਜਾਰੀ ਹੈ। ਸ਼ੁੱਕਰਵਾਰ ਨੂੰ ਚੰਡੀਗੜ੍ਹ ਯੂਥ ਕਾਂਗਰਸ ਵੱਲੋਂ ‘ਬੁੱਧੀ ਸ਼ੁੱਧੀ ਮਹਾਯੱਗ’ ਕਰਵਾਇਆ ਗਿਆ। ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਦੱਸਿਆ ਕਿ ਇਸ ਦਾ ਮਕਸਦ ਚੰਡੀਗੜ੍ਹ ਪ੍ਰਸ਼ਾਸਨ ਸਣੇ ਚੁਣੇ ਹੋਏ ਭਾਜਪਾ ਕੌਂਸਲਰਾਂ ਅਤੇ ਸਥਾਨਕ ਸੰਸਦ ਮੈਂਬਰ ਕਿਰਨ ਖੇਰ ਨੂੰ ‘ਬੁੱਧੀ’ ਦੇਣ ਲਈ ਪਰਮਾਤਮਾ ਅੱਗੇ ਅਰਦਾਸ ਕਰਨਾ ਸੀ। ਉਨ੍ਹਾਂ ਦੱਸਿਆ ਕਿ ਅੱਜ ਇੱਥੇ ਚੰਡੀਗੜ੍ਹ ਨਗਰ ਨਿਗਮ ਦਫ਼ਤਰ ਦੇ ਬਾਹਰ ਇਸ ਯੱਗ ਲਈ ਹਵਨ ਕਰਵਾਇਆ ਗਿਆ। ਉਨ੍ਹਾਂ ਸ਼ਹਿਰ ਦੇ ਮੇਅਰ ਦੀ ਚੋਣ ਦੇ ਤਰੀਕੇ ’ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ।
ਸ੍ਰੀ ਲੁਬਾਣਾ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਚੰਡੀਗੜ੍ਹ ਆਪਣੀ ਸੁੰਦਰਤਾ ਲਈ ਹੀ ਨਹੀਂ ਸਗੋਂ ਸਾਫ਼-ਸੁਥਰੀ ਪ੍ਰਸ਼ਾਸਨਿਕ ਵਿਵਸਥਾ ਲਈ ਵੀ ਮਿਸਾਲ ਵਜੋਂ ਦੇਖਿਆ ਜਾਂਦਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਪ੍ਰਸ਼ਾਸਨ ਸਿਟੀ ਬਿਊਟੀਫੁੱਲ ਨੂੰ ਤਬਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੌਰਾਨ ਹੋਏ ਲੋਕਤੰਤਰ ਦੇ ਕਥਿਤ ਕਤਲ ਲਈ ਪੂਰਾ ਪ੍ਰਸ਼ਾਸਨ ਜ਼ਿੰਮੇਵਾਰ ਹੈ। ਇਸ ਲਈ ਉਨ੍ਹਾਂ ਜਾਰੀ ਵਿਰੋਧ ਪ੍ਰਦਰਸ਼ਨ ਦੌਰਾਨ ਅੱਜ ਪ੍ਰਸ਼ਾਸਨ ਦੀ ਸੰਜਮ ਲਈ ਇਹ ਹਵਨ ਕਰਵਾਇਆ ਹੈ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚਐਸ ਲੱਕੀ ਨੇ ਕਿਹਾ ਕਿ ਪ੍ਰਸ਼ਾਸਨ ਜਮਹੂਰੀਅਤ ਦੀ ਹੱਤਿਆ ਕਰਨ ਅਤੇ ਦੇਸ਼ ਦੀ ਪਵਿੱਤਰ ਚੋਣ ਪ੍ਰਕਿਰਿਆ ਨਾਲ ਖਿਲਵਾੜ ਕਰਨ ਲਈ ਸਮੂਹਿਕ ਤੌਰ ’ਤੇ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਅਰਦਾਸ ਕਰਦੇ ਹਨ ਕਿ ਪਰਮਾਤਮਾ ਉਨ੍ਹਾਂ ਦਾ ਭਲਾ ਕਰੇ ਅਤੇ ਉਨ੍ਹਾਂ ਨੂੰ ਨੈਤਿਕਤਾ ਅਤੇ ਨਿਮਰਤਾ ਪ੍ਰਦਾਨ ਕਰੇ।
ਇਸ ਮੌਕੇ ਪਾਰਟੀ ਕੌਂਸਲਰ ਤਰੁਣਾ ਮਹਿਤਾ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਨਗਰ ਨਿਗਮ ’ਚ ਹਕੂਮਤ ਹੋਈ ਹੈ, ਕਾਂਗਰਸ ਦੇ ਰਾਜ ਦੌਰਾਨ ਦੇਸ਼ ਭਰ ’ਚ ਪਹਿਲੇ ਨੰਬਰ ’ਤੇ ਰਹਿਣ ਵਾਲਾ ਚੰਡੀਗੜ੍ਹ ਅੱਜ ਪਹਿਲੇ ਦਸ ਸੁੰਦਰ ਸ਼ਹਿਰਾਂ ’ਚ ਵੀ ਸ਼ਾਮਲ ਨਹੀਂ ਹੈ। ਉਨ੍ਹਾਂ ਕਿ ਭਾਜਪਾ ਦੇ ਰਾਜ ’ਚ ਘਪਲੇ ਹੋ ਰਹੇ ਹਨ। ਅੱਜ ਕੀਤੇ ਗਏ ਰੋਸ ਪ੍ਰਦਰਸ਼ਨ ’ਚ ਪਾਰਟੀ ਆਗੂ ਯਾਦਵਿੰਦਰ ਮਹਿਤਾ, ਸੁਰਜੀਤ ਢਿੱਲੋਂ, ਦਿਲਾਵਰ ਸਿੰਘ, ਜਤਿੰਦਰ ਸਿੰਘ, ਰਵੀ ਪਰਾਸ਼ਰ, ਮਨਜ਼ੂਰ ਖਾਨ, ਮਨੀਸ਼ ਰਾਏ, ਹਰਮਨ ਜੱਸੜ, ਪ੍ਰਤੀਕ ਬਡਵਾਲ, ਕੀਰਤ ਸਿੰਘ, ਪਲਵਿੰਦਰ ਸਿੰਘ ਪੱਲੂ ਅਤੇ ਅੰਸ਼ ਉਪਾਧਿਆਏ ਵੀ ਹਾਜ਼ਰ ਸਨ।
ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦਾ ਵਕੀਲਾਂ ਵੱਲੋਂ ਸਵਾਗਤ
ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਵਕੀਲ ਭਾਈਚਾਰੇ ਸਣੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਨੇ ਚੰਡੀਗੜ੍ਹ ਦੇ ਮੇਅਰ ਦੀ ਚੋਣ ’ਤੇ ਟਿੱਪਣੀ ਕਰਦੇ ਹੋਏ ਇਸ ਨੂੰ ਲੋਕਤੰਤਰ ਦਾ ਕਤਲ ਕਿਹਾ ਹੈ, ਇਸ ਤਰਾਂ ਦੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ, ਇਹ ਟਿੱਪਣੀਆਂ ਲੋਕਾਂ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਚੰਡੀਗੜ੍ਹ ਵਿਚ ਹੋਇਆ, ਇਸੇ ਤਰ੍ਹਾਂ ਪੂਰੇ ਦੇਸ਼ ਭਰ ਵਿਚ ਅਜਿਹੀਆਂ ਅਣਗਿਣਤ ਘਟਨਾਵਾਂ ਹਨ ਜਿਨ੍ਹਾਂ ਵਿੱਚ ਲੋਕਤੰਤਰ ਦਾ ਕਤਲ ਹੋਇਆ ਹੈ। ਉਨ੍ਹ੍ਵਾਂ ਕਿਹਾ ਕਿ ਲੋਕਤੰਤਰ ਨੂੰ ਬਚਾਉਣ ਲਈ ਅਦਾਲਤਾਂ ਨੂੰ ਅਜਿਹੀਆਂ ਘਟਨਾਵਾ ’ਤੇ ਸਖ਼ਤ ਹੋਣ ਦੀ ਲੋੜ ਹੈ। ਉਨ੍ਹਾਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ ਅਤੇ ਆਸ ਕੀਤੀ ਕਿ ਅਦਾਲਤਾਂ ਅੱਗੇ ਲਈ ਵੀ ਇਸ ਤਰ੍ਹਾਂ ਦੇ ਫ਼ੈਸਲੇ ਲੈਣਗੀਆਂ।