ਸਫ਼ਾਈ ਸੇਵਕਾਂ ਵੱਲੋਂ ਕੌਂਸਲ ਦਫ਼ਤਰ ਅੱਗੇ ਪ੍ਰਦਰਸ਼ਨ
ਗੁਰਬਖਸ਼ਪੁਰੀ
ਤਰਨ ਤਾਰਨ, 21 ਜੁਲਾਈ
ਸਥਾਨਕ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਤੋਂ ਇਲਾਵਾ ਹੋਰਨਾਂ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਪ੍ਰਤੀ ਸਥਾਨਕ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਵਤੀਰੇ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ ਅੱਜ ਕੌਂਸਲ ਦੇ ਮੁੱਖ ਗੇਟ ਸਾਹਮਣੇ ਕੂੜੇ ਦੀਆਂ ਭਰੀਆਂ ਰੇਹੜੀਆਂ ਖੜ੍ਹੀਆਂ ਕਰ ਕੇ ਦਿਖਾਵਾ ਕੀਤਾ| ਇਸ ਵਿੱਚ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਤੋਂ ਇਲਾਵਾ ਸੀਵਰਮੈਨ, ਮਾਲੀ, ਦਰਜਾ ਚਾਰ ਮੁਲਾਜ਼ਮਾਂ ਆਦਿ ਨੇ ਹਿੱਸਾ ਲਿਆ| ਦਿਖਾਵਾਕਾਰੀਆਂ ਨੂੰ ਮੁਲਾਜ਼ਮਾਂ ਦੇ ਸੂਬਾ ਆਗੂ ਰਮੇਸ਼ ਕੁਮਾਰ ਸ਼ੇਰਗਿੱਲ ਨੇ ਸੰਬੋਧਨ ਕੀਤਾ। ਉਨ੍ਹਾਂ ਸਾਲਾਂ ਪਹਿਲਾਂ ਤੋਂ ਦਿੱਤੇ ਜਾਣ ਵਾਲੇ ਬਕਾਏ ਦੇਣ ਵਿੱਚ ਲਗਾਤਾਰ ਕੀਤੀ ਜਾ ਰਹੀ ਟਾਲ-ਮਟੋਲ ਦੀ ਨਿਖੇਧੀ ਕੀਤੀ| ਉਨ੍ਹਾਂ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਨੂੰ ਕੰਮ ਕਰਦਿਆਂ ਸਾਬਣ-ਤੇਲ ਦੇਣ, ਡਿਊਟੀ ਕਰਦਿਆਂ ਮਾਰੇ ਗਏ ਮੁਲਾਜ਼ਮਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਬਨਿਾਂ ਦੇਰੀ ਦੇ ਨੌਕਰੀਆਂ ਦੇਣ, ਸੇਵਾਮੁਕਤ ਮੁਲਾਜ਼ਮਾਂ ਨੂੰ ਉਨ੍ਹਾਂ ਦੀਆਂ ਦੇਣ-ਦਾਰੀਆਂ ਦਾ ਭੁਗਤਾਨ ਛੇਤੀ ਕੀਤੇ ਜਾਣ, ਹਾਊਸ ਰੈਂਟ ਦਾ ਬਣਦਾ ਬਕਾਇਆ ਦੇਣ ਆਦਿ ਮੰਗਾਂ ਮੰਨੇ ਜਾਣ ’ਤੇ ਜ਼ੋਰ ਦਿੱਤਾ|
ਇਸ ਮੌਕੇ ਬੀਬੀ ਸ਼ਿੰਦੋ, ਕਾਲਾ, ਤਿਲਕ ਰਾਜ, ਬਲਵਿੰਦਰ ਸਿੰਘ, ਰਾਜ ਕੁਮਾਰ, ਨਿੰਦੀ, ਜੱਜ ਪਾਲ ਨੇ ਵੀ ਸੰਬੋਧਨ ਕੀਤਾ| ਬੁਲਾਰਿਆਂ ਦੋਸ਼ ਲਗਾਇਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਦੀਆਂ ਸਾਲਾਂ ਤੋਂ ਲਟਕਦੀਆਂ ਮੰਗਾਂ ਨੂੰ ਮੰਨੇ ਜਾਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ| ਆਗੂਆਂ ਚਿਤਾਵਨੀ ਦਿੱਤੀ ਕਿ ਮੰਗਾਂ ਨਾ ਮੰਨੇ ਜਾਣ ’ਤੇ ਜਥੇਬੰਦੀ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਲਈ ਮਜਬੂਰ ਹੋਵੇਗੀ|
ਨਗਰ ਕੌਂਸਲ ਦੇ ਈਓ ਕਿਰਨ ਮਹਾਜਨ ਨੇ ਮੁਲਾਜ਼ਮਾਂ ਨੂੰ 15 ਦਨਿ ਦੇ ਵਿੱਚ-ਵਿੱਚ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਦਾ ਵਿਸ਼ਵਾਸ਼ ਦਿੱਤਾ ਹੈ|