ਸਿਵਲ ਹਸਪਤਾਲ ਨਰਸਿੰਗ ਐਸੋਸੀਏਸ਼ਨ ਵੱਲੋਂ ਕਾਲੇ ਬਿੱਲੇ ਲਗਾ ਕੇ ਮੁਜ਼ਾਹਰਾ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 27 ਜੁਲਾਈ
ਡਾਇਰੈਕਟਰ ਸਿਹਤ ਵਲੋਂ ਮੁਹਾਲੀ ਦੇ ਇਕ ਹਸਪਤਾਲ ’ਚ ਸਟਾਫ਼ ਨਰਸ ਨਾਲ ਕੀਤੀ ਬਦਸਲੂਕੀ ਦੇ ਰੋਸ ਵਿੱਚ ਅੱਜ ਇੱਥੇ ਸਿਵਲ ਹਸਪਤਾਲ ਨਰਸਿੰਗ ਐਸੋਸੀਏਸ਼ਨ ਵਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਸਿਹਤ ਡਾਇਰੈਕਟਰ ਦੁਆਰਾ ਸਟਾਫ਼ ਨਰਸ ਨਾਲ ਕੀਤੇ ਦੁਰਵਿਵਹਾਰ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਰੋਸ ਵਜੋਂ ਪੰਜਾਬ ਭਰ ਵਿੱਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਅਤੇ ਨਰਸਿੰਗ ਸਟਾਫ਼ ਵਲੋਂ ਕਾਲੇ ਬਿੱਲੇ ਲਗਾ ਕੇ ਆਪਣੀ ਡਿਊਟੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅੰਦਰ ਪੈਰਾ ਮੈਡੀਕਲ ਸਟਾਫ਼ ਦੀ ਘਾਟ ਦੇ ਬਾਵਜੂਦ ਸਟਾਫ਼ ਨਰਸਾਂ ਵਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ। ਇਸ ਦੇ ਬਾਵਜੂਦ ਸਿਹਤ ਅਧਿਕਾਰੀਆਂ ਵਲੋਂ ਸਟਾਫ਼ ਨਾਲ ਤਾਲਮੇਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਿਹਤ ਡਾਇਰੈਕਟਰ ਵਲੋਂ ਜਥਬੰਦੀ ਵਲੋਂ ਐਸੋਸੀਏਸ਼ਨ ਤੋਂ ਮਾਫ਼ੀ ਨਹੀਂ ਮੰਗੀ ਜਾਂਦੀ, ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸਟਾਫ਼ ਨਰਸ ਗੁਰਜੀਤ ਕੌਰ, ਸਤਨਾਮ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਹਰਪ੍ਰੀਤ ਕੌਰ, ਮਨਦੀਪ ਸਿੰਘ, ਸੁਰਿੰਦਰ ਕੌਰ, ਸੁਨੀਤਾ ਰਾਣੀ ਆਦਿ ਮੌਜੂਦ ਸਨ।