ਬਸਪਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 17 ਜੁਲਾਈ
ਬਸਪਾ ਨੇ ਅੱਜ ਸਥਾਨਕ ਨਵੀਂ ਅਨਾਜ ਮੰਡੀ ਵਿੱਚ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਵਾਅਦੇ ਮੁਤਾਬਿਕ ਪੰਜਾਬ ਵਿੱਚ ਦਲਿਤ ਵਰਗ ਨੂੰ ਬਣੀਆਂ ਸਹੂਲਤਾਂ ਨਹੀਂ ਦੇ ਰਹੀ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਦੇ ਸੂਬਾ ਆਗੂ ਅਜੀਤ ਸਿੰਘ ਭੈਣੀ, ਲਾਲ ਸਿੰਘ ਸਹਿਲਾਣੀ, ਸੰਤ ਰਾਮ ਮੱਲੀਆਂ ਅਤੇ ਗੁਰਬਖਸ਼ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਵਿੱਚ ਦਲਿਤਾਂ ਦੀ ਹਾਲਤ ਤਰਸਯੋਗ ਹੈ। ਸਰਕਾਰ ਦੀ ਅਣਗਹਿਲੀ ਕਾਰਨ ਬਹੁਤ ਸਾਰੇ ਪ੍ਰਭਾਵਸ਼ਾਲੀ ਲੋਕਾਂ ਨੇ ਜਾਅਲੀ ਜਾਤੀ ਸਰਟੀਫਿਕੇਟ ਬਣਾ ਕੇ ਦਲਿਤਾਂ ਦੇ ਹੱਕ ਮਾਰੇ ਹਨ ਪਰ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ।
ਬਸਪਾ ਆਗੂ ਗੋਬਿੰਦ ਸਿੰਘ ਪਿੱਪਲੀ, ਗੁਰਜੰਟ ਸਿੰਘ ਸਿਰਸੜੀ, ਐਡਵੋਕੇਟ ਅਵਤਾਰ ਸਿੰਘ ਬਵੇਰਵਾਲ, ਕੇਵਲ ਸਿੰਘ ਸੈਦੇਕੇ, ਸ਼ੀਲਾ ਰਾਣੀ, ਸਿਕੰਦਰ ਸਿੰਘ ਅਤੇ ਪ੍ਰੋ. ਵਰਿਆਮ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਮਗਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ 300 ਦਨਿ ਕੰਮ ਦਿੱਤਾ ਜਾਵੇ ਅਤੇ ਇਸ ਤੋਂ ਗਰੀਬ ਲੜਕੀਆਂ ਦੇ ਵਿਆਹ ‘ਤੇ 51000 ਰੁਪਏ ਸ਼ਗਨ ਸਕੀਮ, 2500 ਰੁਪਏ ਬੁਢਾਪਾ ਪੈਨਸ਼ਨ, ਬੇਰੁਜਗਾਰੀ ਭੱਤਾ ਅਤੇ ਬੇਘਰੇ ਗਰੀਬ ਪਰਿਵਾਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ। ਪ੍ਰਦਰਸ਼ਨ ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ।