ਮਨੀਪੁਰ ਘਟਨਾ ਖ਼ਿਲਾਫ਼ ਬੀਕੇਯੂ (ਡਕੌਂਦਾ) ਵੱਲੋਂ ਮੁਜ਼ਾਹਰਾ
ਜਸਬੀਰ ਸ਼ੇਤਰਾ
ਜਗਰਾਉਂ, 22 ਜੁਲਾਈ
ਮਨੀਪੁਰ ਦੀ ਸ਼ਰਮਨਾਕ ਤੇ ਅਫਸੋਸਨਾਕ ਘਟਨਾ ਦੇ ਵਿਰੋਧ ’ਚ ਅੱਜ ਨੇੜਲੇ ਕਾਉਂਕੇ ਕਲਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਵਿੰਦਰ ਸਿੰਘ ਸਿੱਧੂ ਦੀ ਅਗਵਾਈ ’ਚ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ ਉੱਤਰ ਪੂਰਬ ਦੇ ਤੀਹ ਲੱਖ ਦੀ ਆਬਾਦੀ ਵਾਲੇ ਭਾਜਪਾ ਹਕੂਮਤ ਦੇ ਰਾਜ ’ਚ ਕੂਕੀ ਜਨਜਾਤੀ ਦੀਆਂ ਦੋ ਔਰਤਾਂ ਨੂੰ ਬਹੁਗਿਣਤੀ ਹਿੰਦੂ ਮਤੇਈ ਕਬੀਲੇ ਵਲੋਂ ਪੁਲੀਸ ਤੋਂ ਖੋਹ ਕੇ ਨਿਰਵਸਤਰ ਕਰ ਕੇ ਘੁੰਮਾਇਆ ਗਿਆ ਅਤੇ ਜੰਗਲ ’ਚ ਲਿਜਾ ਕੇ ਸਮੂਹਿਕ ਜਬਰ-ਜਨਾਹ ਕੀਤਾ ਗਿਆ। ਚਾਰ ਮਈ ਦੀ ਇਸ ਖੌਫਨਾਕ ਘਟਨਾ ’ਤੇ ਪੁਲੀਸ ਕਾਰਵਾਈ ਉਸ ਸਮੇਂ ਹੋਈ ਜਦੋਂ ਦਿਲਾਂ ਨੂੰ ਦਹਿਲਾ ਦੇਣ ਵਾਲੀ ਇਸ ਘਟਨਾ ਦੀ ਦੋ ਦਨਿ ਪਹਿਲਾਂ ਵੀਡੀਓ ਵਾਇਰਲ ਹੋਈ। ਇਕੱਤਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੱਸਿਆ ਕਿ ਮਤੇਈ ਹਿੰਦੂਆਂ ਅਤੇ ਕੂਕੀ ਅਤੇ ਨਾਗਾ ਇਸਾਈਆਂ ’ਚ ਰਾਖਵਾਂਕਰਨ ਦੇ ਮੁੱਦੇ ’ਤੇ ਚੱਲ ਰਹੇ ਅਤੇ ਹਕੂਮਤ ਵੱਲੋਂ ਜਾਣਬੁੱਝ ਕੇ ਭੜਕਾਏ ਜਾ ਰਹੇ ਇਸ ਖੂਨੀ ਭੇੜ ’ਚ ਹੁਣ ਤੱਕ 150 ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਪੰਜਾਹ ਹਜ਼ਾਰ ਲੋਕ ਇੰਫਾਲ ਘਾਟੀ ’ਚ ਘਰੋਂ ਬੇਘਰ ਹੋ ਚੁੱਕੇ ਹਨ। ਸਮੂਹਿਕ ਜਬਰ-ਜਨਾਹ ਤੋਂ ਬਾਅਦ ਦੋਹਾਂ ਔਰਤਾਂ ਨੂੰ ਨਿਰਵਸਤਰ ਕਰ ਕੇ ਉਨ੍ਹਾਂ ਦੀ ਪਰੇਡ ਕਰਦਿਆਂ ਅੰਗਾਂ ਨਾਲ ਛੇੜਖਾਨੀ ਦੀ ਦਿਲਕੰਬਾਊ ਵਾਰਦਾਤ ਅਤੇ ਮਨੀਪੁਰ ਦੇ ਲਹੂ ਲੁਹਾਨ ਹੋਣ ਲਈ ਉਨ੍ਹਾਂ ਭਾਜਪਾ ਦੀ ਕੇਂਦਰ ਤੇ ਸੂਬਾ ਸਰਕਾਰ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਮਨੀਪੁਰ ਦੀ ਭਾਜਪਾ ਸਰਕਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ। ਇਸ ਸਮੇਂ ਮਾਸਟਰ ਸੁਰਜੀਤ ਦੌਧਰ, ਕੁਲਦੀਪ ਸਿੰਘ, ਸੁਰਜੀਤ ਸਿੰਘ ਪ੍ਰਧਾਨ, ਕੁੰਡਾ ਸਿੰਘ ਆਦਿ ਮੌਜੂਦ ਸਨ।
ਇਨਕਲਾਬੀ ਕੇਂਦਰ ਵੱਲੋਂ ਘਟਨਾ ਦੀ ਨਿਖੇਧੀ
ਲੁਧਿਆਣਾ (ਖੇਤਰੀ ਪ੍ਰਤੀਨਿਧ): ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਜਨਰਲ ਸਕੱਤਰ ਕੰਵਲਜੀਤ ਖੰਨਾ, ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਲਹਿਰਾ ਮੁਹੱਬਤ, ਮੁਖਤਿਆਰ ਪੂਹਲਾ ਅਤੇ ਜਸਵੰਤ ਜੀਰਖ ਨੇ ਕਿਹਾ ਕਿ ਮਨੀਪੁਰ ਵਿੱਚ ਭਾਜਪਾ ਦੇ ਗੰਦੇ ਨਫਰਤੀ ਲੋਕ ਵਿਰੋਧੀ ਰਾਜਨੀਤਕ ਨਿਘਾਰ ਨੇ ਲੋਕਾਈ ਨੂੰ ਡੂੰਘੇ ਪਤਾਲ ’ਚ ਗਰਕ ਕਰ ਦਿੱਤਾ ਹੈ। ਬੀਤੀ 4 ਮਈ ਨੂੰ ਮਨੀਪੁਰ ’ਚ ਦੋ ਔਰਤਾਂ ਦਾ ਜਬਰ-ਜਨਾਹ ਕਰਨ ਤੋਂ ਬਾਅਦ ਨਿਰਵਸਤਰ ਕਰ ਕੇ ਸੜਕਾਂ ’ਤੇ ਘੁਮਾਉਣ ਦੀ ਘਟਨਾ ਨੇ ਹਰ ਜਾਗਦੀ ਜ਼ਮੀਰ ਵਾਲੇ ਵਿਅਕਤੀ ਦਾ ਦਿਮਾਗ ਸੁੰਨ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਵਿੱਚ ਪਏ ਸ਼ੋਰ ਸ਼ਰਾਬੇ ’ਚ ਮੋਦੀ ਵੱਲੋਂ ਵਹਾਏ ਮਗਰਮੱਛ ਦੇ ਹੰਝੂਆਂ ਨਾਲ ਕੀ ਉਨ੍ਹਾਂ ਔਰਤਾਂ ਦਾ ਪੁਰਾਣਾ ਜੀਵਨ ਕਾਲ ਬਹਾਲ ਹੋ ਸਕੇਗਾ। ਆਗੂਆਂ ਨੇ ਸਮੂਹ ਇਨਕਲਾਬੀ ਸ਼ਕਤੀਆਂ ਨੂੰ ਮਨੀਪੁਰ ਦੇ ਗੰਭੀਰ ਮਸਲੇ ’ਤੇ ਇੱਕਜੁਟ ਆਵਾਜ਼ ਉਠਾਉਣ ਦਾ ਸੱਦਾ ਦਿੱਤਾ।