ਭਾਜਪਾ ਵੱਲੋਂ ਦਿੱਲੀ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ
ਨਵੀਂ ਦਿੱਲੀ: ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਅੱਜ ਦੁਪਹਿਰ 12 ਵਜੇ ਦਿੱਲੀ ਵਿਧਾਨ ਸਭਾ ਦੇ ਦਾਖਲਾ ਦੁਆਰ ’ਤੇ ਮਯੂਰ ਵਿਹਾਰ ਜ਼ਿਲ੍ਹੇ ਦੇ 100 ਦੇ ਕਰੀਬ ਪਾਰਟੀ ਵਰਕਰਾਂ ਦੇ ਨਾਲ ਮਹਿਲਾ ਮੋਰਚਾ ਤੇ ਯੁਵਾ ਮੋਰਚਾ ਦੇ ਅਧਿਕਾਰੀਆਂ ਨਾਲ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਕੇਜਰੀਵਾਲ ਦੇ ਅਸਤੀਫੇ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ’ਚੋਂ ਬਹੁਤਿਆਂ ਨੇ ਕਾਲੇ ਕਪੜੇ ਪਾਏ ਹੋਏ ਸਨ। ਜਾਣਕਾਰੀ ਅਨੁਸਾਰ ਪ੍ਰਦਰਸ਼ਕਾਰੀ ਲਗਪਗ 25 ਕਾਰਾਂ ਵਿਚ ਵਿਧਾਨ ਸਭਾ ਦੇ ਪ੍ਰਵੇਸ਼ ਦੁਆਰ ’ਤੇ ਪਹੁੰਚੇ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦਿੱਲੀ ਪੁਲੀਸ ਨੇ ਮੁੱਖ ਗੇਟ ਨੂੰ ਤਾਲਾ ਲਗਾ ਕੇ ਭਾਜਪਾ ਦੇ ਪ੍ਰਦਰਸ਼ਨਕਾਰੀਆਂ ਨੂੰ ਵਿਧਾਨ ਸਭਾ ਕੰਪਲੈਕਸ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਅਤੇ 15 ਮਿੰਟਾਂ ਵਿੱਚ ਹੀ ਉਹ ਪ੍ਰਦਰਸ਼ਨਕਾਰੀਆਂ ਨੂੰ ਤਿੰਨ ਬੱਸਾਂ ਵਿੱਚ ਬਿਠਾ ਕੇ ਤਿਮਾਰਪੁਰ ਲੈ ਗਏ, ਜਿੱਥੋਂ ਸਖ਼ਤ ਚਿਤਾਵਨੀ ਮਗਰੋਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਸਚਦੇਵਾ ਨੇ ਕਿਹਾ ਹੈ ਕਿ ਕੇਜਰੀਵਾਲ ਦੇ ਦੋ ਮੰਤਰੀ ਪਹਿਲਾਂ ਹੀ ਜੇਲ੍ਹ ਵਿੱਚ ਹਨ ਅਤੇ ਜਲਦੀ ਹੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਵੀ ਫਰਜ਼ੀ ਪੱਤਰ ਜਾਰੀ ਕਰਨ ਦੇ ਦੋਸ਼ ਹੇਠ ਜੇਲ੍ਹ ਜਾ ਸਕਦੇ ਹਨ। ਇਸ ਮਗਰੋਂ ਸਚਦੇਵਾ ਨੇ ਦਿੱਲੀ ਦੇ ਪੁਲੀਸ ਕਮਿਸ਼ਨਰ ਸੰਜੈ ਅਰੋੜਾ ਨਾਲ ਮੁਲਾਕਾਤ ਕੀਤੀ ਤੇ ਅਰਵਿੰਦ ਕੇਜਰੀਵਾਲ ਵੱਲੋਂ ਭੇਜੇ ਗਏ ਪੱਤਰਾਂ ਦੀ ਜਾਂਚ ਦੀ ਮੰਗ ਕਰਦੇ ਹੋਏ ਸ਼ਿਕਾਇਤ ਦਰਜ ਕਰਵਾਈ। ਸਚਦੇਵਾ ਨੇ ਪੁਲੀਸ ਕਮਿਸ਼ਨਰ ਨੂੰ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿੱਚ ਹਨ ਅਤੇ ਕਾਨੂੰਨੀ ਤੌਰ ’ਤੇ ਉਹ ਕਿਸੇ ਮੰਤਰੀ ਜਾਂ ਲੋਕਾਂ ਨੂੰ ਕੋਈ ਨੋਟ ਜਾਂ ਪੱਤਰ ਜਾਰੀ ਨਹੀਂ ਕਰ ਸਕਦੇ।