ਸਹਾਇਕ ਪ੍ਰੋਫੈਸਰਾਂ ਵੱਲੋਂ ਪੰਜਾਬੀ ’ਵਰਸਿਟੀ ਦੇ ਗੇਟ ਬੰਦ ਕਰਕੇ ਮੁਜ਼ਾਹਰਾ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 3 ਸਤੰਬਰ
ਇਥੇ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਂਸਟੀਚੂਐਂਟ ਕਾਲਜਾਂ ਅਤੇ ਨੇਬਰਹੁੱਡ ਕੈਂਪਸ ਵਿੱਚ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ (ਗੈਸਟ ਫੈਕਲਟੀ) ਵੱਲੋਂ ਅਕਾਦਮਿਕ ਸੈਸ਼ਨ 2024-25 ਦੀ ਪ੍ਰਵਾਨਗੀ ਦੀ ਮੰਗ ਦੀ ਪੂਰਤੀ ਕਰਵਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਦੋਵੇਂ ਗੇਟ ਬੰਦ ਕਰਕੇ ਸਵੇਰੇ ਸਾਢੇ ਅੱਠ ਵਜੇ ਤੋਂ ਹੀ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਾਂਸਟੀਚੂਐਂਟ ਕਾਲਜਾਂ ਅਤੇ ਨੇਬਰਹੁੱਡ ਕੈਂਪਸਾਂ ਵਿੱਚ ਲੰਬੇ ਸਮੇਂ ਤੋਂ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਦੀ ਅਕਾਦਮਿਕ ਸੈਸ਼ਨ 2024-25 ਦੀ ਪ੍ਰਵਾਨਗੀ ਦੇਣ ਦੀ ਬਜਾਏ ਇੰਟਰਵਿਊ ਰੱਖ ਦਿੱਤੀ ਹੈ। ਇਨ੍ਹਾਂ ਦੀ ਨਿਯੁਕਤੀ ਪਹਿਲਾਂ ਹੀ ’ਵਰਸਿਟੀ ਵੱਲੋਂ ਇੰਟਰਵਿਊ ਕਰਵਾ ਕੇ ਕੀਤੀ ਹੋਈ ਹੈ। ਇਹ ਪ੍ਰੋਫੈਸਰ ਲੰਬੇ ਸਮੇਂ 5 ਤੋਂ 8 ਸਾਲ ਤੋਂ ਕੰਮ ਕਰ ਰਹੇ ਨੇ ਜੋ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਗੈਸਟ ਫੈਕਲਟੀ ਯੂਨੀਅਨ ਦੇ ਬੁਲਾਰਿਆਂ ਨੇ ਕਿਹਾ ਕਿ ਧਰਨੇ ਨੂੰ ਅੱਜ 44ਵਾਂ ਦਿਨ ਹੋ ਗਿਆ ਹੈ ਪਰ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਕਾਰਜਕਾਰੀ ਵਾਈਸ ਚਾਂਸਲਰ ਵੱਲੋਂ ਹੁਣ ਤੱਕ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਗੈਸਟ ਫੈਕਲਟੀ ਅਧਿਆਪਕਾਂ ਨੂੰ ਅਕਾਦਮਿਕ ਸੈਸ਼ਨ 2024-25 ਦੀ ਪ੍ਰਵਾਨਗੀ ਦਿੱਤੀ ਜਾਵੇ, ਤਨਖ਼ਾਹ ਯੂਜੀਸੀ ਦੇ ਨਿਯਮਾਂ ਮੁਤਾਬਕ ਕੀਤੀ ਜਾਵੇ ਅਤੇ ਯੂਨੀਵਰਸਿਟੀ ਲਈ ਅਕਾਦਮਿਕ ਖੇਤਰ ਦੇ ਪੱਕੇ ਵਾਈਸ ਚਾਂਸਲਰ ਦੀ ਨਿਯੁਕਤੀ ਕੀਤੀ ਜਾਵੇ। ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀ ਸਬ-ਕਮੇਟੀ ਨਾਲ 10 ਸਤੰਬਰ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਯੂਨੀਵਰਸਿਟੀ ਦੇ ਦੋਵੇਂ ਗੇਟ ਖੁੱਲ੍ਹਵਾਏ ਗਏ।
ਸਹਾਇਕ ਪ੍ਰੋਫੈਸਰ ਯੂਨੀਅਨ ਦੇ ਆਗੂਆਂ ਨੇ ਕਿਹਾ ਸਾਡਾ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਧਰਨੇ ਨੂੰ ਭਰਾਤਰੀ ਜਥੇਬੰਦੀਆਂ ਵੱਲੋਂ ਹਮਾਇਤ ਕੀਤੀ ਗਈ। ਇਨ੍ਹਾਂ ਵਿੱਚ ਐੱਸਐੰਫਆਈ ਤੋਂ ਅੰਮ੍ਰਿਤ ਸਿੰਘ, ਪੀਆਰਐੱਸਯੂ ਤੋਂ ਕਰਨਵੀਰ ਸਾਰੋ, ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਤੋਂ ਹੀਰਾ ਸਿੰਘ, ਪੀਐੱਸਐੰਫ ਤੋਂ ਗਗਨਦੀਪ ਸਿੰਘ, ਐਸਓਆਈ ਤੋਂ ਹਰਵਿੰਦਰ ਸਿੰਘ, ਪੀਐੱਸਯੂ ਤੋਂ ਗੁਰਦਾਸ ਸਿੰਘ ਅਤੇ ਅਮਨਦੀਪ ਘਿਓਵਾਲੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਿਵਿਆਂਗ ਕਰਮਚਾਰੀ ਯੂਨੀਅਨ ਵੱਲੋਂ ਹਰਦਾਸ ਸਿੰਘ ਅਤੇ ਸ਼ਿੰਗਾਰਾ ਸਿੰਘ, ਪੰਜਾਬੀ ਯੂਨੀਵਰਸਿਟੀ ਨਾਨ ਟੀਚਿੰਗ ਬੀ ਕਲਾਸ ਵੱਲੋਂ ਜਗਤਾਰ ਸਿੰਘ, ਏਆਈਐੱਸਐੱਫ ਵੱਲੋਂ ਗੁਰਜੰਟ ਸਿੰਘ ਅਤੇ ਰਮਨ, ਪੰਜਾਬੀ ਯੂਨੀਵਰਸਿਟੀ ਗੈੱਸਟ ਟੀਚਰਜ਼ ਐਸੋਸੀਏਸ਼ਨ ਵੱਲੋਂ ਪ੍ਰੋਫੈਸਰ ਅਮਰਜੀਤ ਸਿੰਘ ਸ਼ਾਮਲ ਸਨ।