ਹਰਗੋਬਿੰਦ ਕੌਰ ਦੇ ਹੱਕ ਵਿੱਚ ਆਂਗਣਵਾੜੀ ਬੀਬੀਆਂ ਵੱਲੋਂ ਮੁਜ਼ਾਹਰਾ
ਸ਼ਗਨ ਕਟਾਰੀਆ
ਬਠਿੰਡਾ, 2 ਅਗਸਤ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦਾ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵਿੱਚ ਦਾਖ਼ਲਾ ਅਤੇ ਇਸਤਰੀ ਵਿੰਗ ਦੀ ਸੂਬਾਈ ਪ੍ਰਧਾਨ ਵਜੋਂ ਨਿਯੁਕਤੀ ਨੂੰ ਲੈ ਕੇ ਪੰਜਾਬ ਸਰਕਾਰ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਦੇ ਰੌਂਅ ਵਿਚ ਹੈ। ਇਸ ਦੌਰਾਨ ਹਰਗੋਬਿੰਦ ਕੌਰ ਦੇ ਬਚਾਅ ਲਈ ਅੱਗੇ ਆਉਂਦਿਆਂ ਯੂਨੀਅਨ ਨਾਲ ਸਬੰਧਿਤ ਆਂਗਣਵਾੜੀ ਵਰਕਰਾਂ ਨੇ ਅੱਜ ਇਥੇ ਰੋਜ਼ ਗਾਰਡਨ ਦੇ ਸਾਹਮਣੇ ਫਲਾਈ ਓਵਰ ਹੇਠਾਂ ਰੋਸ ਵਜੋਂ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਹਰਗੋਬਿੰਦ ਕੌਰ ਵੱਲੋਂ ਰਾਜਨੀਤਕ ਪਾਰਟੀ ਵਿਚ ਸ਼ਾਮਲ ਹੋਣ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੂੰ ਹਰਗੋਬਿੰਦ ਕੌਰ ਖ਼ਿਲਾਫ਼ ਅਨੁਸਾਸ਼ਨੀ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹਨ। ਪ੍ਰਦਰਸ਼ਨ ਮੌਕੇ ਯੂਨੀਅਨ ਦੀ ਆਗੂ ਸੋਮਾ ਰਾਣੀ ਨੇ ਦੋਸ਼ ਲਾਇਆ ਕਿ ਹਰਗੋਬਿੰਦ ਕੌਰ ਅਤੇ ਕੁਝ ਹੋਰ ਵਰਕਰਾਂ ਦੀ ਨੌਕਰੀ ਤੋਂ ਛੁੱਟੀ ਕਰਨ ਬਾਰੇ ਵਿਭਾਗ ਵੱਲੋਂ ਨੋਟਿਸ ਭੇਜੇ ਗਏ ਹਨ। ਹਰਗੋਬਿੰਦ ਕੌਰ ਨੇ 10 ਮਹੀਨਿਆਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹਾਂ ਜਾਰੀ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ ਪੰਜਾਬ ਸਰਕਾਰ ਨੂੰ ਕੁਝ ਅਰਸਾ ਪਹਿਲਾਂ ਇਕ ਨੋਟਿਸ ਭੇਜਿਆ ਸੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਜਲਦੀ ਨਾ ਮੰਨੀਆਂ ਤਾਂ ਉਹ 6 ਅਗਸਤ ਨੂੰ ਡਾ. ਬਲਜੀਤ ਕੌਰ ਦੀ ਰਿਹਾਇਸ਼ ਅੱਗੇ ਰੋਸ ਵਿਖਾਵਾ ਕਰਨਗੀਆਂ।