ਆਂਗਣਵਾੜੀ ਮੁਲਾਜ਼ਮਾਂ ਵੱਲੋਂ ਕੇਂਦਰੀ ਮੰਤਰੀ ਬਿੱਟੂ ਦੇ ਦਫ਼ਤਰ ਅੱਗੇ ਪ੍ਰਦਰਸ਼ਨ
ਸਤਵਿੰਦਰ ਬਸਰਾ
ਲੁਧਿਆਣਾ, 18 ਨਵੰਬਰ
ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਹੇਠ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਮੁੱਖ ਦਫ਼ਤਰ ਤੱਕ ਮਾਰਚ ਕੀਤਾ ਤੇ ਦਫ਼ਤਰ ਅੱਗੇ ਧਰਨਾ ਲਾ ਕੇ ਪ੍ਰਤਰਸ਼ਨ ਕੀਤਾ ਗਿਆ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਸੰਗਠਿਤ ਬਾਲ ਵਿਕਾਸ ਸੇਵਾ (ਆਈਸੀਡੀਐਸ) ਸਕੀਮ ਨੂੰ ਵਿਭਾਗ ਵਿੱਚ ਤਬਦੀਲ ਕਰਨ ਅਤੇ ਇਸ ਸਕੀਮ ਤਹਿਤ ਕੰਮ ਕਰਦੀਆਂ ਆਂਗਣਵਾੜੀ ਵਰਕਰ/ਹੈਲਪਰਾਂ ਨੂੰ ਵਿਭਾਗ ਵਿੱਚ ਪੱਕੇ ਕਰਨ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਸਰਕਾਰਾਂ ਦੀਆਂ ਗਲਤ ਨੀਤੀਆਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਅਤੇ ਗੁਜਰਾਤ ਹਾਈਕੋਰਟ ਦੇ ਫੈਸਲੇ ’ਤੇ ਅਮਲ ਕਰਦੇ ਹੋਏ ਆਈਸੀਡੀਐਸ ਸਕੀਮ ਨੂੰ ਪੱਕਿਆਂ ਕਰੇ। ਪੰਜਾਬ ਸੀਟੂ ਜੱਥੇਬੰਦੀ ਦੇ ਜਨਰਲ ਸਕੱਤਰ ਕਾਮਰੇਡ ਚੰਦਰਸ਼ੇਖਰ ਨੇ ਕਿਹਾ ਕਿ ਉਕਤ ਸਕੀਮ ਅੱਜ ਪੰਜਾਹਵੇਂ ਵਰ੍ਹੇ ਵਿੱਚ ਪ੍ਰਵਸ਼ ਕਰਨ ਜਾ ਰਹੀ ਹੈ ਪਰ ਇੰਨੇ ਸਾਲ ਬੀਤਣ ਦੇ ਬਾਵਜੂਦ ਇਸ ਸਕੀਮ ਨੂੰ ਵਿਭਾਗ ਵਿੱਚ ਤਬਦੀਲ ਨਹੀਂ ਕੀਤਾ ਗਿਆ। ਜੇ ਅੱਜ ਦੇਸ਼ ਦੀ ਸਥਿਤੀ ਗੱਲ ਕਰੀਏ ਤਾਂ ਦੁਨੀਆਂ ਭਰ ਵਿੱਚ ਕਪੋਸ਼ਿਤ ਬੱਚਿਆਂ ਦਾ ਅੱਧ ਹਿੰਦੁਸਤਾਨ ਵਿੱਚ ਹੈ। 1975 ਤੋਂ ਇਸ ਸਕੀਮ ਨਾਲ ਜੁੜੀਆਂ ਆਂਗਣਵਾੜੀ ਵਰਕਰ ਅਤੇ ਹੈਲਪਰ ਨਿਰ ਸਵਾਰਥ ਘੱਟ ਬਜਟ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾ ਰਹੀਆਂ ਹਨ ਅਤੇ ਇੰਨਾਂ ਨੇ ਜਣੇਪਾ ਸੁਧਾਰ, ਬਾਲ ਮੌਤ ਦਰ, ਪੋਲੀਓ, ਤਪਦੀਕ ਵਰਗੀਆਂ ਬਿਮਾਰੀਆਂ ਨੂੰ ਖਤਮ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਇਸ ਸਕੀਮ ਨੂੰ ਵਿਭਾਗ ਵਿੱਚ ਤਬਦੀਲ ਕਰਨ ਦੀ ਥਾਂ ਇਸ ਦੇ ਬੱਜਟ ਵਿੱਚ ਵੀ ਲਗਾਤਾਰ ਕਟੌਤੀ ਕਰਦੀ ਆ ਰਹੀ ਹੈ। ਜਥੇਬੰਦੀ ਦੇ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਕਿ ਕੇਂਦਰ ਸਰਕਾਰ ਸੁਪਰੀਮ ਕੋਰਟ ਦੇ ਫੈਸਲੇ ਦਾ ਸਤਿਕਾਰ ਕਰਦੇ ਹੋਏ ਆਈਸੀਡੀਐਸ ਸਕੀਮ ਵਿੱਚ ਕੰਮ ਕਰਦੀਆਂ ਵਰਕਰਾਂ/ਹੈਲਪਰਾਂ ਨੂੰ ਪੈਨਸ਼ਨ ਅਤੇ ਗਰੈਜਟੀ ਨਾਲ ਜੋੜੇ ਅਤੇ ਗੁਜਰਾਤ ਹਾਈਕੋਰਟ ਦੇ ਫੈਸਲਾ ਅਨੁਸਾਰ ਇੰਨਾਂ ਨੂੰ ਸਿਵਲ ਮੁਲਾਜ਼ਮ ਮੰਨਦੇ ਹੋਏ ਗਰੇਡ ਤਿੰਨ ਅਤੇ ਚਾਰ ਦਾ ਦਰਜਾ ਦੇਵੇ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਆਂਗਣਵਾੜੀ ਵਰਕਰਾਂ ਪੈਰਾ ਮੈਡੀਕਲ, ਪ੍ਰੀ ਨਰਸਰੀਰ ਟੀਚਰ, ਪ੍ਰੋਗਰਾਮ ਕੋਆਰਡੀਨੇਟਰ, ਬਾਲ ਸੇਵਿਕਾ, ਗਰਾਮ ਸੇਵਿਕਾ ਵਰਗੀਆਂ ਭੂਮਿਕਾ ਨਿਭਾਅ ਰਹੀਆਂ ਅਤੇ ਬਦਲੇ ਵਿੱਚ ਕੇਂਦਰ ਵੱਲੋਂ ਸਿਰਫ 2600 ਰੁਪਏ ਵਰਕਰ ਅਤੇ 1300 ਰੁਪਏ ਹੈਲਪਰ ਨੂੰ ਮਾਣ ਭੱਤਾ ਦਿੱਤਾ ਜਾ ਰਿਹਾ ਹੈ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਗੰਭੀਰ ਨਾ ਹੋਈ ਤਾਂ ਬਜਟ ਸੈਸ਼ਨ ਦੌਰਾਨ ਘੇਰਾਓ ਲਈ ਮਜ਼ਬੂਰ ਹੋ ਜਾਣਗੇ। ਅੱਜ ਦੇ ਪ੍ਰਦਰਸ਼ਨ ਨੂੰ ਅੰਮ੍ਰਿਤਪਾਲ, ਨਿਰਲੇਪ ਕੌਰ, ਸੁਰਜੀਤ ਕੌਰ, ਭਿੰਦਰ ਕੌਰ, ਮਨਦੀਪ ਕੁਮਾਰੀ ਨੇ ਵੀ ਸੰਬੋਧਨ ਕੀਤਾ।