ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾੜੇ ਖ਼ਰੀਦ ਪ੍ਰਬੰਧਾਂ ਖ਼ਿਲਾਫ਼ ਅਕਾਲੀ ਦਲ ਵੱਲੋਂ ਪ੍ਰਦਰਸ਼ਨ

10:37 AM Nov 06, 2024 IST
ਮੁਕੇਰੀਆਂ ’ਚ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਦੇ ਹੋਏ ਅਕਾਲੀ ਆਗੂ ਸਰਬਜੋਤ ਸਿੰਘ ਸਾਬੀ ਤੇ ਹੋਰ। -ਫੋਟੋ: ਜਗਜੀਤ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 5 ਨਵੰਬਰ
ਝੋਨੇ ਦੀ ਖਰੀਦ ਵਿੱਚ ਕਿਸਾਨਾਂ ਦੀ ਹੋ ਰਹੀ ਕਥਿਤ ਲੁੱਟ ਅਤੇ ਡੀਏਪੀ ਖਾਦ ਦੀ ਕਮੀ ਸਮੇਤ ਹੋਰ ਕਿਸਾਨੀ ਮਸਲਿਆਂ ਨੂੰ ਲੈ ਕੇ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਸਰਕਾਰ ਖਿਲਾਫ ਰੋਸ ਵਿਖਾਵਾ ਕੀਤਾ ਗਿਆ । ਇਸ ਮੌਕੇ ਪੰਜਾਬ ਦੇ ਰਾਜਪਾਲ ਦੇ ਨਾਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
ਇਹ ਰੋਸ ਵਿਖਾਵਾ ਸਾਬਕਾ ਅਕਾਲੀ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਭਾਈ ਰਜਿੰਦਰ ਸਿੰਘ ਮਹਿਤਾ ਦੀ ਅਗਵਾਈ ਹੇਠ ਕੀਤਾ ਗਿਆ। ਅਕਾਲੀ ਕਾਰਕੁਨਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਬਾਅਦ ਵਿੱਚ ਰਾਜਪਾਲ ਦੇ ਨਾਮ ਐੱਸਡੀਐੱਮ ਨੂੰ ਮੰਗ ਪੱਤਰ ਦਿੱਤਾ ਗਿਆ।
ਮੀਡੀਆ ਨਾਲ ਗੱਲ ਕਰਦਿਆਂ ਸਾਬਕਾ ਅਕਾਲੀ ਮੰਤਰੀ ਗੁਲਜਾਰ ਸਿੰਘ ਰਾਣੀਕੇ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਤਹਿਤ ਸਮੁੱਚੇ ਪੰਜਾਬ ਵਿੱਚ ਹੀ ਸਰਕਾਰ ਖ਼ਿਲਾਫ਼ ਰੋਸ ਵਿਖਾਵੇ ਕੀਤੇ ਗਏ ਹਨ। ਇਸੇ ਤਹਿਤ ਇੱਥੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਅਕਾਲੀ ਵਰਕਰਾਂ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਰੋਸ ਵਿਖਾਵਾ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੀ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਵਿੱਚ ਅਸਫਲ ਰਹੀ ਹੈ। ਸਰਕਾਰ ਨੇ ਸਮੇਂ ਸਿਰ ਫਸਲਾਂ ਦੀ ਖਰੀਦ ਦੇ ਢੁਕਵੇ ਪ੍ਰਬੰਧ ਨਹੀਂ ਕੀਤੇ ਜਿਸ ਦਾ ਸਿੱਟਾ ਹੈ ਕਿ ਅੱਜ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ।
ਪਠਾਨਕੋਟ (ਐੱਨਪੀ ਧਵਨ): ਡੀਏਪੀ ਖਾਦ ਦੀ ਕਮੀ ਅਤੇ ਝੋਨੇ ਦੀ ਖਰੀਦ ਵਿੱਚ ਦੇਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਕੰਵਰ ਮਿੰਟੂ ਦੀ ਅਗਵਾਈ ਵਿੱਚ ਡੀਸੀ ਦਫਤਰ ਮੂਹਰੇ ਧਰਨਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ। ਵਫਦ ਨੇ ਵਧੀਕ ਡਿਪਟੀ ਕਮਿਸ਼ਨਰ ਹਰਦੀਪ ਸਿੰਘ ਨੂੰ ਰਾਜਪਾਲ ਦੇ ਨਾਂ ਇੱਕ ਮੰਗ ਪੱਤਰ ਵੀ ਸੌਂਪਿਆ। ਪ੍ਰਦਰਸ਼ਨ ਵਿੱਚ ਅਕਾਲੀ ਦਲ ਦੇ ਪ੍ਰਦੇਸ਼ ਜਨਰਲ ਸਕੱਤਰ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਅਤੇ ਹਲਕਾ ਭੋਆ ਮੁਖੀ ਰਵੀ ਮੋਹਨ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ।
ਜਲੰਧਰ (ਹਤਿੰਦਰ ਮਹਿਤਾ): ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਖ਼ਿਲਾਫ ਅੱਜ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮਾਰਚ ਕੱਢਿਆ। ਮਾਰਚ ਕਰਦਿਆਂ ਆਗੂ ਜਲੰਧਰ ਡੀਸੀ ਦਫ਼ਤਰ ਪੁੱਜੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲੇ ਅਤੇ ਕਿਸਾਨਾਂ ਦੇ ਮਸਲੇ ਨੂੰ ਜਲਦੀ ਹੱਲ ਕਰਨ ਲਈ ਆਪਣਾ ਮੰਗ ਪੱਤਰ ਸੌਂਪਿਆ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਜਤਿੰਦਰ ਸਿੰਘ ਲਾਲੀ ਬਾਜਵਾ ਦੀ ਅਗਵਾਈ ਹੇਠ ਵਰਕਰਾਂ ਨੇ ਸਥਾਨਕ ਐੱਸ.ਡੀ.ਐੱਮ ਦਫਤਰ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਮੌਕੇ ਸਾਬਕਾ ਸੰਸਦ ਮੈਂਬਰ ਵਰਿੰਦਰ ਸਿੰਘ ਬਾਜਵਾ, ਜਗਤਾਰ ਸਿੰਘ, ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਇੰਚਾਰਜ ਹਰਸਿਮਰਨ ਸਿੰਘ ਬਾਜਵਾ, ਸੋਈ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਔਜਲਾ ਆਦਿ ਵੀ ਮੌਜੂਦ ਸਨ।
ਮੁਕੇਰੀਆਂ (ਜਗਜੀਤ ਸਿੰਘ): ਕਿਸਾਨਾਂ ਨੂੰ ਕਣਕ ਦੀ ਬੀਜਾਈ ਲਈ ਡੀਏਪੀ ਦੀ ਘਾਟ ਅਤੇ ਮੰਡੀਆਂ ਵਿੱਚ ਖੱਜਲ ਖੁਆਰੀ ਖਿਲਾਫ ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਜਨਲਰ ਸਕੱਤਰ ਸਰਬਜੋਤ ਸਿੰਘ ਸਾਬੀ ਨੇ ਕੀਤੀ। ਧਰਨੇ ਮਗਰੋਂ ਐੱਸਡੀਐੱਮ ਮੁਕੇਰੀਆਂ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਕਿਰਪਾਲ ਸਿੰਘ ਗੇਰਾ, ਬੀਬੀ ਬਲਵੀਰ ਕੌਰ, ਲਖਵਿੰਦਰ ਸਿੰਘ, ਅਨਿਲ ਠਾਕੁਰ, ਜਸਵਿੰਦਰ ਸਿੰਘ ਬਿੱਟੂ, ਸੌਦਾਗਰ ਸਿੰਘ, ਤਜਿੰਦਰਪਾਲ ਸਿੰਘ, ਲਖਵੀਰ ਸਿੰਘ, ਭਜਨ ਸਿੰਘ, ਬੀਬੀ ਸੁਰਜੀਤ ਕੌਰ, ਕਿਸ਼ਨਪਾਲ ਸਿੰਘ, ਚੀਫ ਨਿਰਮਲ ਸਿੰਘ, ਬਲਜੀਤ ਸਿੰਘ ਨੀਟਾ ਤੇ ਬਲਵੀਰ ਸਿੰਘ ਵੀ ਆਦਿ ਹਾਜ਼ਰ ਸਨ।
ਕਾਦੀਆਂ (ਮਕਬੂਲ ਅਹਿਮਦ): ਮੰਡੀਆਂ ਵਿੱਚ ਕਿਸਾਨਾਂ ਦੀ ਰੁਲ ਰਹੀ ਝੋਨੇ ਦੀ ਫਸਲ ਤੇ ਡੀਏਪੀ ਖਾਦ ਦੀ ਸਮੱਸਿਆ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ਼ ਕਾਦੀਆਂ ਸ਼ਹੀਦ ਭਗਤ ਸਿੰਘ ਚੌਕ ਵਿਖੇ ਧਰਨਾ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦੇ ਨਾਮ ਤਹਿਸੀਲਦਾਰ ਦੇ ਦਫਤਰ ਅਧਿਕਾਰੀ ਨੂੰ ਮੰਗ ਪੱਤਰ ਦਿੱਤੇ ਗਏ। ਅਕਾਲੀ ਦਲ ਦੇ ਸੀਨੀਅਰ ਆਗੂ ਹਲਕਾ ਇੰਚਾਰਜ ਕਾਦੀਆਂ ਗੁਰਇਕਬਾਲ ਸਿੰਘ ਮਾਹਲ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਮੰਡੀਆਂ ਦੇ ਵਿੱਚ ਤੁਰੰਤ ਕਿਸਾਨਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਰੋਸ ਪ੍ਰਦਰਸ਼ਨ ਹੋਰ ਵੀ ਤੇਜ਼ ਕੀਤੇ ਜਾਣਗੇ।
ਫਗਵਾੜਾ (ਜਸਬੀਰ ਚਾਨਾ): ਝੋਨੇ ਦੀ ਖਰੀਦ ਦੇ ਮਾੜੇ ਪ੍ਰਬੰਧਾਂ ਦੇ ਵਿਰੋਧ ਵਜੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਦੀ ਅਗਵਾਈ ਹੇਠ ਐੱਸ.ਡੀ.ਐੱਮ. ਦਫਤਰ ਅੱਗੇ ਧਰਨਾ ਦਿੱਤਾ ਗਿਆ ਤੇ ਰਾਜਪਾਲ ਦੇ ਨਾਮ ’ਤੇ ਮੰਗ ਪੱਤਰ ਵੀ ਐਸ.ਡੀ.ਐਮ. ਫਗਵਾੜਾ ਜਸ਼ਨਜੀਤ ਸਿੰਘ ਨੂੰ ਦਿੱਤਾ ਗਿਆ।
ਸ੍ਰੀ ਗੋਇੰਦਵਾਲ ਸਾਹਿਬ (ਜਤਿੰਦਰ ਬਾਵਾ): ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਅਕਾਲੀ ਦਲ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਔਲਖ ਦੀ ਅਗਵਾਈ ਵਿੱਚ ਅਕਾਲੀ ਵਰਕਰਾਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਐੱਸਡੀਐੱਮ ਦਫ਼ਤਰ ਖਡੂਰ ਸਾਹਿਬ ਵਿੱਚ ਧਰਨਾ ਦਿੱਤਾ ਗਿਆ।

Advertisement

ਐੱਸਡੀਐੱਮ ਵੱਲੋਂ ਧਰਨੇ ’ਚ ਆ ਕੇ ਮੰਗ ਪੱਤਰ ਨਾ ਲੈਣ ’ਤੇ ਹਾਈਵੇਅ ਜਾਮ

ਐੱਸਡੀਐੱਮ ਨਾਲ ਨਾਰਾਜ਼ਗੀ ਤੋਂ ਬਾਅਦ ਨੈਸ਼ਨਲ ਹਾਈਵੇਅ ’ਤੇ ਧਰਨਾ ਦਿੰਦੇ ਹੋਏ ਅਕਾਲੀ ਆਗੂ ਤੇ ਕਿਸਾਨ।

ਦੀਨਾਨਗਰ (ਸਰਬਜੀਤ ਸਾਗਰ): ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਉਪ ਮੰਡਲ ਮੈਜਿਸਟਰੇਟ ਦਫ਼ਤਰ ਵਿੱਚ ਦਿੱਤੇ ਜਾ ਰਹੇ ਧਰਨੇ ਦੌਰਾਨ ਅੱਜ ਇੱਕ ਅੜੀ ਨੂੰ ਲੈ ਕੇ ਅਕਾਲੀ ਆਗੂਆਂ ਤੇ ਐਸਡੀਐਮ ਵਿਚਾਲੇ ਵਿਵਾਦ ਹੋ ਗਿਆ। ਇਸ ’ਤੇ ਮਾਮਲਾ ਨੈਸ਼ਨਲ ਹਾਈਵੇਅ ’ਤੇ ਚੱਕਾ ਜਾਮ ਤੱਕ ਪਹੁੰਚ ਗਿਆ। ਦਫ਼ਤਰ ਦੇ ਬਾਹਰ ਲੱਗੇ ਧਰਨੇ ਦੌਰਾਨ ਅਕਾਲੀ ਆਗੂ ਮੰਗ ਕਰ ਰਹੇ ਸਨ ਕਿ ਐੱਸਡੀਐੱਮ ਮੰਗ ਪੱਤਰ ਲੈਣ ਲਈ ਆਉਣ ਪਰ ਦੂਜੇ ਪਾਸੇ ਸਰਕਾਰੀ ਅਧਿਕਾਰੀ ਇਸ ਗੱਲ ’ਤੇ ਅੜ ਗਏ ਕਿ ਜੇਕਰ ਮੰਗ ਪੱਤਰ ਦੇਣਾ ਹੈ ਤਾਂ ਕੁਝ ਆਗੂ ਉਨ੍ਹਾਂ ਦੇ ਦਫ਼ਤਰ ਅੰਦਰ ਆ ਜਾਣ, ਉਹ ਬਾਹਰ ਨਹੀਂ ਆਉਣਗੇ। ਇਹ ਰੇੜਕਾ ਕਰੀਬ ਇੱਕ ਘੰਟੇ ਤੱਕ ਚੱਲਿਆ ਅਤੇ ਅਖ਼ੀਰ ਸਰਕਾਰੀ ਅਧਿਕਾਰੀ ’ਤੇ ਅੜੀਅਲ ਰਵੱਈਏ ਦਾ ਦੋਸ਼ ਲਗਾਉਂਦਿਆਂ ਸਮੂਹ ਧਰਨਾਕਾਰੀ ਰੋਸ ਵਜੋਂ ਨੈਸ਼ਨਲ ਹਾਈਵੇ ’ਤੇ ਜਾ ਕੇ ਬੈਠ ਗਏ ਅਤੇ ਚੱਕਾ ਜਾਮ ਕਰ ਦਿੱਤਾ। ਤਹਿਸੀਲਦਾਰ ਦੀਨਾਨਗਰ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੱਗੜੀ ਸੰਭਾਲ ਜੱਟਾ ਲਹਿਰ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਸਾਥੀਆਂ ਸਮੇਤ ਹਮਾਇਤ ਲਈ ਪਹੁੰਚ ਗਏ ਤਾਂ ਮਾਹੌਲ ਹੋਰ ਗਰਮਾ ਗਿਆ ਅਤੇ ਧਰਨਾਕਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲੱਗੇ। ਮਾਹੌਲ ਨੂੰ ਵਿਗੜਦਾ ਦੇਖ ਪੁਲਿਸ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਅਖ਼ੀਰ ਐਸਡੀਐਮ ਜਸਪਿੰਦਰ ਸਿੰਘ ਭੁੱਲਰ ਧਰਨਾ ਸਥਾਨ ’ਤੇ ਪਹੁੰਚੇ ਅਤੇ ਮੰਗ ਪੱਤਰ ਲੈਂਦਿਆਂ ਧਰਨਾ ਸਮਾਪਤ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਕਮਲਜੀਤ ਚਾਵਲਾ, ਪੀਏਸੀ ਮੈਂਬਰ ਦਲਬੀਰ ਸਿੰਘ ਬਿੱਲਾ ਅਤੇ ਸਰਕਲ ਸ਼ਹਿਰੀ ਪ੍ਰਧਾਨ ਪ੍ਰਵੀਨ ਚੌਧਰੀ ਨੇ ਕਿਹਾ ਕਿ ਉਹ ਅਜਿਹੀ ਕੋਈ ਮਨਸ਼ਾ ਨਹੀਂ ਰੱਖਦੇ ਸਨ ਪਰ ਸਰਕਾਰੀ ਅਧਿਕਾਰੀ ਦੀ ਅੜੀ ਕਾਰਨ ਮਾਮਲਾ ਨੈਸ਼ਨਲ ਹਾਈਏ ’ਤੇ ਜਾਮ ਲਗਾਉਣਾ ਪਿਆ। ਦੂਜੇ ਪਾਸੇ ਐਸਡੀਐਮ ਦੀਨਾਨਗਰ ਜਸਪਿੰਦਰ ਸਿੰਘ ਭੁੱਲਰ ਨੇ ਅਕਾਲੀ ਆਗੂਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਹ ਰਾਜਪਾਲ ਸਾਹਿਬ ਦੇ ਦੌਰੇ ਕਾਰਨ ਫ਼ੀਲਡ ਵਿੱਚ ਸਨ ਅਤੇ ਦਫ਼ਤਰ ਪਹੁੰਚਦਿਆਂ ਹੀ ਉਨ੍ਹਾਂ ਵੱਲੋਂ ਅਕਾਲੀ ਆਗੂਆਂ ਨੂੰ ਮੰਗ ਪੱਤਰ ਦੇਣ ਲਈ ਬੁਲਾਇਆ ਗਿਆ ਸੀ ਪਰ ਉਹ ਨਹੀਂ ਆਏ ਅਤੇ ਨੈਸ਼ਨਲ ਹਾਈਵੇ ’ਤੇ ਧਰਨਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਫ਼ਿਲਹਾਲ ਮੰਗ ਪੱਤਰ ਲੈ ਕੇ ਧਰਨਾ ਖ਼ਤਮ ਕਰਵਾ ਦਿੱਤਾ ਗਿਆ ਹੈ।

Advertisement
Advertisement