‘ਆਪ’ ਦੇ ਸੰਸਦ ਮੈਂਬਰਾਂ ਵੱਲੋਂ ਸੰਸਦ ਭਵਨ ਵਿੱਚ ਪ੍ਰਦਰਸ਼ਨ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਜੁਲਾਈ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਰਾਜਿੰਦਰ ਨਗਰ ਵਿੱਚ ਵਾਪਰੀ ਦੁਖਦਾਈ ਘਟਨਾ ਲਈ ਜ਼ਿੰਮੇਵਾਰ ਐੱਲਜੀ ਨੂੰ ਬਰਖ਼ਾਸਤ ਕਰਨ ਅਤੇ ਦੇਸ਼ ਭਰ ਵਿੱਚ ਕੋਚਿੰਗ ਸੰਸਥਾਵਾਂ ਨੂੰ ਨਿਯਮਤ ਕਰਨ ਲਈ ਬਿੱਲ ਲਿਆਉਣ ਦੀ ਮੰਗ ਨੂੰ ਲੈ ਕੇ ਸੰਸਦ ਕੰਪਲੈਕਸ ਵਿੱਚ ਪ੍ਰਦਰਸ਼ਨ ਕੀਤਾ। ਰਾਜ ਸਭਾ ਮੈਂਬਰ ਸੰਜੈ ਸਿੰਘ, ਡਾ. ਸੰਦੀਪ ਪਾਠਕ, ਐੱਨਡੀ ਗੁਪਤਾ ਅਤੇ ਹੋਰ ਸੰਸਦ ਮੈਂਬਰਾਂ ਨੇ ਦਿੱਲੀ ਦੇ ਐੱਲਜੀ ਅਤੇ ਭਾਜਪਾ ਦੀ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੰਜੇ ਸਿੰਘ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਮੰਤਰੀਆਂ ਦੀਆਂ ਵਾਰ-ਵਾਰ ਹਦਾਇਤਾਂ ਦੇ ਬਾਵਜੂਦ ਵੀ ਐੱਲਜੀ ਦੇ ਅਧੀਨ ਅਫਸਰਾਂ ਨੇ ਨਾਲੀਆਂ ਦੀ ਸਫਾਈ ਨਹੀਂ ਕਰਵਾਈ ਜਿਸ ਕਾਰਨ ਰਾਜਿੰਦਰ ਨਗਰ ਵਿੱਚ ਇਹ ਦਰਦਨਾਕ ਹਾਦਸਾ ਵਾਪਰਿਆ। ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਕੇਂਦਰ ਸਰਕਾਰ ਕੋਚਿੰਗ ਸੰਸਥਾਵਾਂ ਨੂੰ ਰੈਗੂਲਰ ਨਹੀਂ ਕਰ ਰਹੀ। ਇਸ ਲਈ ਉਹ ਮਨਮਾਨੀ ਕਰ ਰਹੇ ਹਨ। ਸੰਜੈ ਸਿੰਘ ਦੀ ਅਗਵਾਈ ਵਿੱਚ ਕੀਤੇ ਗਏ ਪ੍ਰਦਰਸ਼ਨ ਵਿੱਚ ‘ਆਪ’ ਦੇ ਸੰਸਦ ਮੈਂਬਰ ਨਾਅਰਿਆਂ ਵਾਲੀਆਂ ਤਖ਼ਤੀਆਂ ਲੈ ਕੇ ਸੰਸਦ ਕੰਪਲੈਕਸ ਵਿੱਚ ਪੁੱਜੇ। ਇਸ ਦੌਰਾਨ ਸੰਸਦ ਮੈਂਬਰਾਂ ਨੇ ਦੇਸ਼ ਭਰ ਵਿੱਚ ਕੋਚਿੰਗ ਸੰਸਥਾਵਾਂ ਦੀ ਲੁੱਟ-ਖਸੁੱਟ ਨੂੰ ਰੋਕਣ, ਉਨ੍ਹਾਂ ਨੂੰ ਨਿਯਮਤ ਕਰਨ, ਪੇਪਰ ਲੀਕ ਕਰਨ ਵਾਲੇ ਕੋਚਿੰਗ ਮਾਲਕਾਂ ਨੂੰ ਜੇਲ੍ਹ ਭੇਜਣ, ਤਾਨਾਸ਼ਾਹੀ ਬੰਦ ਕਰਨ, ਦਿੱਲੀ ਦਾ ਕੰਮ ਰੋਕਣ ਵਾਲੇ ਐੱਲਜੀ ਨੂੰ ਬਰਖ਼ਾਸਤ ਕਰਨ, ਇਨਕਲਾਬ ਜ਼ਿੰਦਾਬਾਦ, ਮੋਦੀ ਦਿੱਲੀ ਸਰਕਾਰ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਬੰਦ ਕਰੇ, ਦਿੱਲੀ ਨੂੰ ਐੱਲਜੀ ਦੇ ਡੰਡੇ ਨਾਲ ਚਲਾਉਣਾ ਬੰਦ ਕਰੋ, ਸੁਪਰੀਮ ਕੋਰਟ ਦੇ ਹੁਕਮ ਲਾਗੂ ਕਰੋ ਵਰਗੇ ਨਾਅਰੇ ਲਾਏ ਗਏ।
ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਦਿੱਲੀ ਸਰਕਾਰ ਦੀਆਂ ਸ਼ਕਤੀਆਂ ਖੋਹ ਲਈਆਂ ਗਈਆਂ ਅਤੇ ਦਿੱਲੀ ਨੂੰ ਐੱਲਜੀ ਦੇ ਡੰਡੇ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਕੇਂਦਰ ਸਰਕਾਰ ਤੋਂ ਮੰਗਾਂ ਦੇ ਬਾਵਜੂਦ ਕੋਚਿੰਗ ਸੈਂਟਰਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ।
ਦਿੱਲੀ ਦੇ ਡਰੇਨਾਂ ਦੀ ਸਫ਼ਾਈ ਅਤੇ ਗੰਦਗੀ ਦਾ ਕੰਮ ਮੀਂਹ ਤੋਂ ਪਹਿਲਾਂ ਕੀਤਾ ਜਾਣਾ ਚਾਹੀਦਾ ਹੈ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਸੌਰਭ ਭਾਰਦਵਾਜ, ਆਤਿਸ਼ੀ, ਗੋਪਾਲ ਰਾਏ ਅਤੇ ਇਮਰਾਨ ਹੁਸੈਨ ਮੌਜੂਦ ਹਨ ਪਰ ਅਧਿਕਾਰੀ ਬੇਖੌਫ਼ ਘੁੰਮ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਭਾਜਪਾ ਅਤੇ ਐੱਲਜੀ ਦਾ ਆਸਰਾ ਹੈ। ਉਨ੍ਹਾਂ ਕਿਹਾ ਕਿ ਅੱਜ ਕੋਚਿੰਗ ਸੈਂਟਰਾਂ ’ਤੇ ਲਗਾਮ ਨਹੀਂ ਹੈ ਤੇ ਪੇਪਰ ਲੀਕ ਵਿੱਚ ਵੀ ਨਾਮ ਗੂੰਜਦੇ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੰਤਰੀ ਪਹਿਲਾਂ ਹੀ ਡਰੇਨਾਂ ਦੀ ਸਫ਼ਾਈ ਦੀ ਗੱਲ ਕਰ ਰਹੇ ਸਨ, ਫਿਰ ਵੀ ਜਾਣ ਬੁੱਝ ਕੇ ਅਜਿਹਾ ਨਹੀਂ ਹੋਣ ਦਿੱਤਾ ਗਿਆ ਅਤੇ ਦਿੱਲੀ ਵਾਸੀਆਂ ਦੀ ਜ਼ਿੰਦਗੀ ਨਰਕ ਬਣ ਗਈ ਜਿਸ ਕਰਕੇ ਪ੍ਰਧਾਨ ਮੰਤਰੀ ਮੋਦੀ ਅਤੇ ਐੱਲਜੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।