ਚੌਥਾ ਦਰਜਾ ਮੁਲਾਜ਼ਮਾਂ ਵੱਲੋਂ ਰਾਜਿੰਦਰਾ ਹਸਪਤਾਲ ’ਚ ਮੁਜ਼ਾਹਰਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਦਸੰਬਰ
ਮੁਲਾਜ਼ਮ ਮੰਗਾਂ ਮੰਨਵਾਉਣ ਲਈ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਪਟਿਆਲਾ ਵਿੱਚ 17 ਨਵਬੰਰ ਤੋਂ ਜਾਰੀ ਰੋਸ ਰੈਲੀਆਂ ਤਹਿਤ ਅੱਜ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਵਿੱਚ ਸਰਕਾਰੀ, ਠੇਕਾ ਆਧਾਰਿਤ ਅਤੇ ਮਲਟੀਟਾਸਕ ਕਰਮਚਾਰੀਆਂ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਦੌਰਾਨ ਜਿਥੇ ਚੌਥਾ ਦਰਜਾ ਕਰਮਚਾਰੀ ਯੂਨੀਅਨ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਉਥੇ ਹੀ ਸ਼ਹਿਰੀ ਪ੍ਰਧਾਨ ਰਾਮ ਲਾਲ ਰਾਮਾ, ਚੇਅਰਮੈਨ ਰਾਮ ਕਿਸ਼ਨ, ਰਾਜਿੰਦਰਾ ਹਸਪਤਾਲ ਯੂਨਿਟ ਦੇ ਪ੍ਰਧਾਲ ਰਾਜੇਸ਼ ਕੁਮਾਰ ਗੋਲੂ ਸਮੇਤ ਅਨਿਲ ਕੁਮਾਰ ਪ੍ਰੇਮੀ, ਕਿਸ਼ੋਰ ਕੁਮਾਰ ਟੋਨੀ, ਕੁਲਵਿੰਦਰ ਸਿੰਘ, ਨੀਰਜ ਪਾਲ, ਸ਼ਾਹਨਵਾਜ, ਪੂਨਮ, ਸੁਖਦੇਵ ਰਾਮ ਅਤੇ ਮਹਿੰਦਰ ਸਿੰਘ ਸਿੱਧੂ ਨੇ ਵੀ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਬੁਲਾਰਿਆਂ ਨੇ ਪੈਸਕੋ ਕੰਪਨੀ ਦੀਆਂ ਮੁਲਾਜ਼ਮ ਵਿਰੋਧੀ ਗਤੀਵਿਧੀਆਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮਿਲੀ ਭੁਗਤ ਦੇ ਤਹਿਤ ਕੰਪਨੀ ਵੱਲੋਂ ਗਰੀਬ ਪਰਿਵਾਰਾਂ ਦਾ ਸ਼ੋੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਆਊਟਸੋਰਸ ਸਿਸਟਮ ਨੂੰ ਬੰਦ ਕਰਕੇ ਸਿੱਧੀ ਅਤੇ ਪੱਕੀ ਭਰਤੀ ਕੀਤੀ ਜਾਵੇ।