ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਪਿਕਾਡਲੀ ਚੌਕ ’ਤੇ ਪ੍ਰਦਰਸ਼ਨ
ਕੁਲਦੀਪ ਸਿੰਘ
ਚੰਡੀਗੜ੍ਹ, 28 ਅਕਤੂਬਰ
ਯੂਟੀ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਲਗਾਤਾਰ ਸੰਘਰਸ਼ ਵਿੱਚ ਜੁਟੇ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਅੱਜ ਇੱਥੇ ਸੈਕਟਰ-34 ਸਥਿਤ ਪਿਕਾਡਲੀ ਚੌਕ ਉੱਤੇ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਸ਼ਾਮਲ ਪੰਜਾਬੀ ਹਿਤੈਸ਼ੀਆਂ ਨੇ ਚੰਡੀਗੜ੍ਹ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਸ਼ਾਸਨ ਨੂੰ ਪੰਜਾਬੀ ਵਿਰੋਧੀ ਗਰਦਾਨਿਆ। ਇਸ ਮੌਕੇ ਗੱਲਬਾਤ ਕਰਦਿਆਂ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਹੱਲੋਮਾਜਰਾ, ਜਨਰਲ ਸਕੱਤਰ ਕਾਮਰੇਡ ਦੇਵੀ ਦਿਆਲ ਸ਼ਰਮਾ, ਰਾਮ ਅਰਸ਼, ਬਾਬਾ ਸਾਧੂ ਸਿੰਘ ਸਾਰੰਗਪੁਰ, ਕੌਂਸਲਰ ਹਰਦੀਪ ਸਿੰਘ ਬੁਟੇਰਲਾ, ਸ਼ਰਨਜੀਤ ਸਿੰਘ ਰਾਏਪੁਰ ਕਲਾਂ, ਗੁਰਪ੍ਰੀਤ ਸਿੰਘ ਸੋਮਲ, ਤਰਕਸ਼ੀਲ ਆਗੂ ਜੋਗਾ ਸਿੰਘ, ਪੱਤਰਕਾਰ ਤਰਲੋਚਨ ਸਿੰਘ, ਪਰਵਿੰਦਰ ਸਿੰਘ ਧਨਾਸ ਆਦਿ ਨੇ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਇਸ ਕਦਰ ਗੂੰਗਾ ਅਤੇ ਬੋਲ਼ਾ ਹੋ ਚੁੱਕਾ ਹੈ ਕਿ ਪੰਜਾਬੀ ਬੋਲਦੇ ਪਿੰਡ ਉਜਾੜ ਕੇ ਵਸਾਏ ਇਸ ਸ਼ਹਿਰ ਵਿੱਚ ਉਨ੍ਹਾਂ ਦੀ ਹੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਇੱਥੋਂ ਦੇ ਪ੍ਰਸ਼ਾਸਨਿਕ ਅਧਿਕਾਰੀ ਪੰਜਾਬੀ ਭਾਸ਼ਾ ਲਾਗੂ ਨਾ ਕਰ ਕੇ ਇਸ ਖਿੱਤੇ ਦੀ ਬੋਲੀ ਪੰਜਾਬੀ ਦੇ ਵਿਰੋਧੀ ਹੋਣ ਦਾ ਸਬੂਤ ਦੇ ਰਹੇ ਹਨ।
ਉਨ੍ਹਾਂ ਚਿੰਤਾ ਪ੍ਰਗਟਾਈ ਕਿ ਜੇ ਪੰਜਾਬੀ ਭਾਸ਼ਾ ਹੀ ਨਾ ਰਹੀ ਤਾਂ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਗੁਰਬਾਣੀ ਪੜ੍ਹਨ ਤੋਂ ਵੀ ਵਾਂਝੀ ਹੋਵੇਗੀ ਅਤੇ ਭਾਸ਼ਾ ਤੋਂ ਬਗੈਰ ਅਸੀਂ ਪੰਜਾਬੀ ਅਖਵਾਉਣ ਦੇ ਵੀ ਹੱਕਦਾਰ ਨਹੀਂ ਰਹਾਂਗੇ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਨਹੀਂ ਦੇ ਦਿੱਤਾ ਜਾਂਦਾ, ਉਦੋਂ ਤੱਕ ਪੰਜਾਬੀ ਮੰਚ ਵੱਲੋਂ ਆਪਣਾ ਸੰਘਰਸ਼ ਜਾਰੀ ਰੱਖਿਆ ਜਾਵੇਗਾ।