ਸਫ਼ਾਈ ਕਾਮਿਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਨਵੰਬਰ
ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਸਫ਼ਾਈ ਕਰਮਚਾਰੀਆਂ ਵਲੋਂ ਮੰਗਾਂ ਮੰਨਵਾਉਣ ਲਈ ਸ਼ਹਿਰ ਦੇ ਵੱਡੇ ਚੌਕ ਵਿਚ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਮੁਜ਼ਾਹਰਾਕਾਰੀ ਆਪਣੀਆਂ ਹੱਕੀ ’ਤੇ ਜਾਇਜ਼ ਮੰਗਾਂ ਪੂਰੀਆਂ ਨਾ ਹੋਣ ਤੋਂ ਖਫ਼ਾ ਸਨ। ਸਫ਼ਾਈ ਕਰਮਚਾਰੀ ਸ਼ਹਿਰ ਦੇ ਵੱਡੇ ਚੌਕ ਵਿਚ ਪੁੱਜੇ ਜਿਥੇ ਪੰਜਾਬ ਸਰਕਾਰ ਦੀ ਅਰਥੀ ਫ਼ੂਕਦਿਆਂ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਫ਼ਾਈ ਸੇਵਕ ਯੂਨੀਅਨ ਸੰਗਰੂਰ ਦੇ ਪ੍ਰਧਾਨ ਅਜੇ ਬੇਦੀ, ਚੇਅਰਮੈਨ ਊਸ਼ਾ ਦੇਵੀ, ਜਨਰਲ ਸਕੱਤਰ ਰਮੇਸ ਕੁਮਾਰ ਅਤੇ ਸੀਨੀਅਰ ਚੇਅਰਮੈਨ ਭਾਰਤ ਬੇਦੀ ਨੇ ਕਿਹਾ ਕਿ ਮਿਉਂਸਿਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ’ਚ ਸ਼ਾਮਲ ਯੂਨੀਅਨਾਂ ਨਗਰ ਪਾਲਿਕਾ ਕਰਮਚਾਰੀ ਸੰਗਠਨ ਪੰਜਾਬ, ਪੰਜਾਬ ਮਿਉਂਸਿਪਲ ਵਰਕਰ ਫੈਡਰੇਸ਼ਨ ਅਤੇ ਸਫ਼ਾਈ ਸੇਵਕ ਯੂਨੀਅਨ ਪੰਜਾਬ ਵਲੋਂ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਗਏ ਹਨ ਕਿਉਂਕਿ ਲੰਮੇ ਸਮੇਂ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਕਾਰਨ ਮੁਲਾਜ਼ਮਾਂ/ਸਫ਼ਾਈ ਸੇਵਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮਿਉਂਸਿਪਲ ਮੁਲਾਜ਼ਮਾਂ ਨੂੰ 20 ਸਾਲ ਦੀ ਸਰਵਿਸ ’ਤੇ ਪੂਰੇ ਸੇਵਾ ਮੁਕਤੀ ਲਾਭ ਦਿੱਤੇ ਜਾਣ, ਪੈਨਸ਼ਨ ਕਮਿਊਟ ਦੇ ਲਾਭ ਸਮੇਤ ਕੈਸ਼ ਲੈਸ ਸਿਹਤ ਸਕੀਮ ਲਾਗੂ ਕੀਤੀ ਜਾਵੇ, ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਜਾਵੇ, ਪੰਪ ਅਪਰੇਟਰਾਂ, ਇਲੈਕਟ੍ਰੀਸ਼ਨਾਂ ਅਤੇ ਡਰਾਈਵਰਾਂ ਨੂੰ ਤਰੱਕੀ ਦੇ ਮੌਕੇ ਦਿੱਤੇ ਜਾਣ, ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਵਿਸ਼ੇਸ਼ ਕੈਟਾਗਿਰੀ ਵਿਚ ਤਬਦੀਲ ਕੀਤਾ ਜਾਵੇ ਅਤੇ ਬੇਸ਼ੱਕ ਪੇਅ 30 ਹਜ਼ਾਰ ਰੁਪਏ ਕੀਤੀ ਜਾਵੇ, ਪੀਐੱਫ ਮੁਲਾਜ਼ਮਾਂ ਦੇ ਖਾਤਿਆਂ ’ਚ ਸਮੇਤ ਵਿਆਜ ਜਮ੍ਹਾਂ ਕਰਵਾਇਆ ਜਾਵੇ, ਮਿਉਂਸਿਪਲ ਮੁਲਾਜ਼ਮਾਂ ’ਤੇ ਪੰਜਾਬ ਦਾ ਹੀ ਪੇਅ-ਕਮਿਸ਼ਨ ਲਾਗੂ ਕੀਤਾ ਜਾਵੇ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ ਅਤੇ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜਲਦ ਮੰਗਾਂ ਦਾ ਹੱਲ ਨਾ ਹੋਇਆ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਅਜੀਤ ਕੁਮਾਰ, ਮੀਤ ਪ੍ਰਧਾਨ ਸੁਰੇਸ਼ ਕੁਮਾਰ, ਸਲਾਹਕਾਰ ਊਮਾ ਦੇਵੀ, ਪ੍ਰੈਸ ਕੱਤਰ ਵਿੱਕੀ ਭਾਂਦੜ, ਸਹਾਇਕ ਸਕੱਤਰ ਅਮਿਤ ਕੁਮਾਰ ਆਦਿ ਮੌਜੂਦ ਸਨ।