ਕੱਚੇ ਅਧਿਆਪਕਾਂ ਵੱਲੋਂ ਸਰਕਾਰ ਖ਼ਿਲਾਫ਼ ਮੁਜ਼ਾਹਰਾ
09:30 AM Jul 05, 2023 IST
ਪੱਤਰ ਪ੍ਰੇਰਕ
ਮਾਨਸਾ, 4 ਜੁਲਾਈ
ਕੱਚੇ ਅਧਿਆਪਕਾਂ ਵੱਲੋਂ ਪੁਲੀਸ ਲਾਠੀਚਾਰਜ ਦੇ ਵਿਰੋਧ ਵਿੱਚ ਮਾਨਸਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਅੱਗੇ ਪੰਜਾਬ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ, ਜਿਸ ਦੌਰਾਨ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਅਰਥੀ ਫੂਕ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਮਨਪ੍ਰੀਤ ਸਿੰਘ ਗੜੱਦੀ ਅਤੇ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲ ਝਾਕਦਿਆਂ ਉਨ੍ਹਾਂ ਨੂੰ 15-15 ਸਾਲ ਹੋ ਚੁੱਕੇ ਹਨ, ਪਰ ਹੁਣ ਉਨ੍ਹਾਂ ਨੂੰ ਰੈਗੂਲਰ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਰੈਗੂਲਰ ਆਰਡਰ ਨਹੀਂ ਮਿਲ ਜਾਂਦੇ, ਉਦੋਂ ਤੱਕ ਕੱਚੇ ਅਧਿਆਪਕਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜੀਟੀਯੂ ਦੇ ਗੁਰਦਾਸ ਸਿੰਘ ਰਾਏਪੁਰ ਅਤੇ ਗੁਰਪ੍ਰੀਤ ਸਿੰਘ ਦਲੇਲ ਵਾਲਾ, ਬੀ.ਐੱਡ ਅਧਿਆਪਕ ਫਰੰਟ ਦੇ ਦਰਸ਼ਨ ਸਿੰਘ ਅਲੀਸ਼ੇਰ, ਡੀਟੀਐੱਫ ਦੇ ਹੰਸਾ ਸਿੰਘ, ਨਸ਼ਾ ਵਿਰੋਧੀ ਫਰੰਟ ਦੇ ਆਗੂ ਪਰਮਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
Advertisement
Advertisement