For the best experience, open
https://m.punjabitribuneonline.com
on your mobile browser.
Advertisement

ਸਰਕਾਰ ਦੀ ਡੰਗ ਟਪਾਊ ਨੀਤੀ ਵਿਰੁੱਧ ਮੁਜ਼ਾਹਰਾ

07:57 AM Aug 09, 2024 IST
ਸਰਕਾਰ ਦੀ ਡੰਗ ਟਪਾਊ ਨੀਤੀ ਵਿਰੁੱਧ ਮੁਜ਼ਾਹਰਾ
ਅਰਥੀ ਫੂਕਣ ਤੋਂ ਪਹਿਲਾਂ ਮਾਰਚ ਕਰਦੇ ਹੋਏ ਮੁਲਾਜ਼ਮ ਤੇ ਪੈਨਸ਼ਨਰ।
Advertisement

ਜਸਬੀਰ ਸਿੰਘ ਸ਼ੇਤਰਾ/ਚਰਨਜੀਤ ਢਿੱਲੋਂ
ਜਗਰਾਉਂ, 8 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਸਰਕਾਰ ਦੀ ਡੰਗ-ਟਪਾਊ ਨੀਤੀ ਤੋਂ ਅੱਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਅੱਜ ਇੱਥੇ ਬੱਸ ਅੱਡੇ ਬਾਹਰ ਮੁੱਖ ਚੌਕ ’ਚ ਮੁਜ਼ਾਹਰਾ ਕੀਤਾ। ਬੱਸ ਅੱਡੇ ਦੇ ਅੰਦਰ ਪਹਿਲਾਂ ਰੈਲੀ ਕੀਤੀ ਅਤੇ ਮਗਰੋਂ ਮਾਰਚ ਕੱਢਿਆ ਗਿਆ। ਪੈਨਸ਼ਨਰਜ਼ ਸਾਂਝਾ ਫਰੰਟ ਦੀ ਅਗਵਾਈ ਹੇਠ ਕੀਤੇ ਮੁਜ਼ਾਹਰੇ ’ਚ ਬੁਲਾਰਿਆਂ ਕਿਹਾ ਕਿ ਪਹਿਲੀ ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ’ਚ ਚੋਣ ਜ਼ਾਬਤੇ ਦੀ ਆੜ ’ਚ 25 ਜੁਲਾਈ ਨੂੰ ਦੁਬਾਰਾ ਮੀਟਿੰਗ ਕਰਨ ਦੇ ਭਰੋਸੇ ਮਗਰੋਂ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਮੌਕੇ ਸਾਂਝੇ ਫਰੰਟ ਵੱਲੋਂ ਕੀਤਾ ਜਾਣ ਵਾਲਾ ਝੰਡਾ ਮਾਰਚ ਅੱਗੇ ਪਾ ਦਿੱਤਾ ਗਿਆ ਸੀ। 25 ਜੁਲਾਈ ਦੀ ਮੀਟਿੰਗ ਤੋਂ ਮੁੜ ਭੱਜੇ ਮੁੱਖ ਮੰਤਰੀ ਖ਼ਿਲਾਫ਼ 26 ਤੇ 27 ਜੁਲਾਈ ਨੂੰ ਅਰਥੀ ਫੂਕਣ ਦੇ ਪ੍ਰੋਗਰਾਮ ਇਸ ਕਰਕੇ ਅੱਗੇ ਪਾਏ ਗਏ ਕਿ ਮੁੱਖ ਮੰਤਰੀ ਨੇ ਦੋ ਅਗਸਤ ਦੀ ਮੀਟਿੰਗ ਸੱਦ ਲਈ ਪਰ ਇਹ ਮੀਟਿੰਗ ਵੀ ਨਹੀਂ ਕੀਤੀ ਗਈ ਜਿਸ ਨਾਲ ਪੈਨਸ਼ਨਰਜ਼ ਦਾ ਰੋਹ ਵਧ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਭਰ ‘ਚ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ। ਇਸ ਮੌਕੇ ਜੋਗਿੰਦਰ ਆਜ਼ਾਦ, ਪਰਮਜੀਤ ਸਿੰਘ, ਅਸ਼ੋਕ ਭੰਡਾਰੀ, ਜਸਵੰਤ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ, ਪ੍ਰੇਮ ਚਾਵਲਾ, ਸਵਰਨ ਸਿੰਘ ਹਠੂਰ, ਚਮਕੌਰ ਸਿੰਘ, ਜਗਸੀਰ ਸਿੰਘ, ਅਜਮੇਰ ਸਿੰਘ, ਅੰਮ੍ਰਿਤਪਾਲ ਸਿੰਘ, ਬਲਜੀਤ ਸਿੰਘ, ਮਲਕੀਤ ਸਿੰਘ ਤੇ ਮਨਜੀਤ ਸਿੰਘ ਆਦਿ ਨੇ ਕਿਹਾ ਕਿ ਹੁਣ 21 ਅਗਸਤ ਦੀ ਮੀਟਿੰਗ ਨੂੰ ਵੀ ਅੱਗੇ 22 ਅਗਸਤ ’ਤੇ ਲਿਜਾਣ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ’ਚ ਗੁੱਸੇ ਦਾ ਲਾਵਾ ਫੁੱਟ ਪਿਆ ਹੈ।
ਮੀਟਿੰਗ ਅੱਗੇ ਪਾਉਣ ਦਾ ਮਤਲਬ ਸਾਫ਼ ਹੈ ਕਿ ਪੰਚਾਇਤੀ ਚੋਣਾਂ ਅਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਕਰਕੇ ਫੇਰ ਬਹਾਨਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਦਾਲਤੀ ਫ਼ੈਸਲੇ ਲਾਗੂ ਕਰਨਾ, ਡੀਏ ਬਾਰਾਂ ਫ਼ੀਸਦ ਦੇਣਾ, ਸਾਢੇ ਪੰਜ ਸਾਲ ਦਾ ਬਕਾਇਆ, ਪੁਰਾਣੀ ਪੈਨਸ਼ਨ ਬਹਾਲੀ, ਕੱਟੇ 37 ਫ਼ੀਸਦ ਭੱਤੇ ਬਹਾਲ ਕਰਨਾ ਸਭ ਜਾਇਜ਼ ਮੰਗਾਂ ਹਨ ਜਿਸ ਬਾਰੇ ਸਰਕਾਰ ਨੂੰ ਵੀ ਕੋਈ ਭੁਲੇਖਾ ਨਹੀਂ ਹੈ। ਇਸ ਦੇ ਬਾਵਜੂਦ ਸਰਕਾਰ ਟਰਕਾ ਕੇ ਸਮਾਂ ਲੰਘਾ ਰਹੀ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

Advertisement
Advertisement
Author Image

sukhwinder singh

View all posts

Advertisement
×