ਰਾਮ ਨਗਰ ਵਾਸੀਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਮੁਜ਼ਾਹਰਾ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 27 ਨਵੰਬਰ
ਇੱਥੋਂ ਦੇ ਬ੍ਰਹਮ ਕੁਮਾਰੀ ਆਸ਼ਰਮ ਤੋਂ ਸ਼ਹੀਦ ਊਧਮ ਸਿੰਘ ਓਲੰਪਿਕ ਸਟੇਡੀਅਮ ਤੱਕ ਚੌੜੀ ਕੀਤੀ ਜਾ ਰਹੀ ਸੜਕ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਸਥਾਨਕ ਰਾਮ ਨਗਰ (ਇੰਦਰਾ ਬਸਤੀ) ਵਾਸੀਆਂ ਵਲੋਂ ਸਾਬਕਾ ਕੌਂਸਲਰ ਬਲਜੀਤ ਸਿੰਘ ਦੀ ਅਗਵਾਈ ਹੇਠ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਸਾਬਕਾ ਕੌਂਸਲਰ ਬਲਜੀਤ ਸਿੰਘ, ਡਾ. ਤਰਸੇਮ ਚੰਦ ਤੇ ਡਾ. ਪ੍ਰਸ਼ੋਤਮ ਦਾਸ ਆਦਿ ਨੇ ਕਿਹਾ ਕਿ ਭਾਵੇਂ ਪ੍ਰਸ਼ਾਸਨ ਵਲੋਂ ਇਸ ਸੜਕ ਨੂੰ ਚੌੜਾ ਕਰਨ ਦਾ ਕੰਮ ਤਿੰਨ ਮਹੀਨੇ ’ਚ ਮੁਕੰਮਲ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਜਿੱਥੇ ਅਜੇ ਤੱਕ ਰੇਲਵੇ ਦੀ ਹਦੂਦ ਦੇ ਨਾਲ-ਨਾਲ ਬਣਨ ਵਾਲੀ ਕੰਧ ਵੀ ਅਧੂਰੀ ਪਈ ਹੈ ਉੱਥੇ ਹੀ ਕੁਝ ਥਾਂ ਤੋਂ ਚੌੜੀ ਹੋ ਚੁੱਕੀ ਸੜਕ ’ਤੇ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮਰ ਤੋਂ ਇਲਾਵਾ ਬੀਐੱਸਐੱਨਐੱਲ ਦੇ ਬਕਸੇ ਅਤੇ ਖੰਭੇ ਵੀ ਵਿਚਕਾਰ ਹੀ ਖੜ੍ਹੇ ਹਨ। ਇਸ ਤਰ੍ਹਾਂ ਸੜਕ ਦੇ ਨਾਲ-ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ’ਤੇ ਪਾਈਪਾਂ ਪਾਉਣ ਦੀ ਬਜਾਏ ਖੁੱਲ੍ਹਾ ਹੀ ਪਿਆ ਹੈ ਅਤੇ ਗੰਦੇ ਪਾਣੀ ’ਚੋਂ ਬਦਬੂ ਆਉਣ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਇੰਨਾ ਹੀ ਨਹੀਂ ਰੇਲਵੇ ਵਲੋਂ ਕੰਧ ਦੇ ਸਾਰੇ ਹੀ ਗੇਟ ਬੰਦ ਕਰਨ ਕਾਰਨ ਬੱਚਿਆਂ ਦਾ ਸਕੂਲ ਆਉਣਾ ਜਾਣਾ ਔਖਾ ਹੋਇਆ ਪਿਆ ਹੈ ਕਿਉਂਕਿ ਬੱਸ ਸਟੈਂਡ ਨੇੜਲੇ ਰੇਲਵੇ ਫਾਟਕ ’ਤੇ ਅੰਡਰ ਬ੍ਰਿਜ ਦਾ ਨਿਰਮਾਣ ਹੋਣ ਕਾਰਨ ਲੋਕਾਂ ਨੂੰ ਸ਼ਹਿਰ ’ਚ ਆਉਣ-ਜਾਣ ਲਈ ਕਾਫੀ ਦਿੱਕਤ ਆ ਰਹੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਨੂੰ ਚੌੜਾ ਕਰਨ ਦਾ ਕੰਮ ਜਲਦ ਨੇਪਰੇ ਚਾੜ੍ਹਿਆ ਜਾਵੇ। ਇਸ ਦੇ ਨਾਲ ਹੀ ਰੇਲਵੇ ਵਲੋਂ ਬੰਦ ਕੀਤੇ ਰਾਹ ਨੂੰ ਖੋਲ੍ਹਿਆ ਜਾਵੇ।