ਕਸ਼ਮੀਰ ’ਚ ਸ਼ਰਧਾਲੂਆਂ ’ਤੇ ਹੋਏ ਅਤਿਵਾਦੀ ਹਮਲੇ ਵਿਰੁੱਧ ਪ੍ਰਦਰਸ਼ਨ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਜੂਨ
ਜੰਮੂ-ਕਸ਼ਮੀਰ ਵਿੱਚ ਵੈਸ਼ਨੋ ਮਾਤਾ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ’ਤੇ ਹੋਏ ਅਤਿਵਾਦੀ ਹਮਲੇ ਵਿਰੁੱਧ ਅੱਜ ਇੱਥੇ ਅੰਤਰਰਾਸ਼ਟਰੀ ਹਿੰਦੂ ਪਰਿਸ਼ਦ, ਰਾਸ਼ਟਰੀ ਬਜਰੰਗ ਦਲ ਤੇ ਹੋਰ ਹਿੰਦੂ ਜਥੇਬੰਦੀਆਂ ਵੱਲੋਂ ਆਰੀਆ ਸਮਾਜ ਪਟਿਆਲਾ ਵਿੱਚ ਪਾਕਿਸਤਾਨ ਤੇ ਅਤਿਵਾਦੀ ਸੰਗਠਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮਗਰੋਂ ਪਰਿਸ਼ਦ ਦੇ ਦਫ਼ਤਰ ਤੋਂ ਆਰੀਆ ਸਮਾਜ ਚੌਕ ਤੱਕ ਮਾਰਚ ਵੀ ਕੱਢਿਆ ਗਿਆ।
ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਭਾਰਤ ਸਰਕਾਰ ਤੋਂ ਇਸ ਕਾਇਰਾਨਾ ਹਰਕਤ ਦਾ ਢੁਕਵਾਂ ਜਵਾਬ ਦੇਣ ਦੀ ਮੰਗ ਕੀਤੀ।
ਰਾਸ਼ਟਰੀ ਬਜਰੰਗ ਦਲ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼ੀਸ਼ ਕਪੂਰ ਨੇ ਕਿਹਾ ਕਿ ਇੱਕ ਪਾਸੇ ਭਾਰਤ ਦੀ ਮੋਦੀ ਸਰਕਾਰ ਸਹੁੰ ਚੁੱਕ ਰਹੀ ਹੈ ਅਤੇ ਦੂਜੇ ਪਾਸੇ ਪਾਕਿਸਤਾਨ ਵੱਲੋਂ ਚਲਾਏ ਜਾ ਰਹੇ ਲਸ਼ਕਰ-ਏ-ਤੋਇਬਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ’ਤੇ ਗੋਲੀਆਂ ਚਲਾ ਰਹੇ ਹਨ। ਸ਼ਾਇਦ ਪਾਕਿਸਤਾਨ ਅਤੇ ਉਸ ਵੱਲੋਂ ਚਲਾਏ ਜਾ ਰਹੇ ਅਤਿਵਾਦੀ ਸੰਗਠਨਾਂ ਨੂੰ ਆਪਣੀ ਔਕਾਤ ਭੁੱਲ ਗਈ ਹੈ। ਇਹ ਉਹੀ ਭਾਰਤ ਹੈ ਜਿਸ ਨੇ ਪਾਕਿਸਤਾਨ ਵਿੱਚ ਦਾਖ਼ਲ ਹੋ ਕੇ 300 ਤੋਂ ਵੱਧ ਅੱਤਵਾਦੀਆਂ ਦਾ ਖ਼ਾਤਮਾ ਕੀਤਾ ਸੀ।
ਅਸ਼ੀਸ਼ ਕਪੂਰ ਨੇ ਕਿਹਾ ਕਿ ਦੇਸ਼ ਦੇ ਲੋਕ ਚਾਹੁੰਦੇ ਹਨ ਕਿ ਇਸ ਕਾਇਰਾਨਾ ਹਰਕਤ ਦਾ ਇਕ ਵਾਰ ਫਿਰ ਤੋਂ ਕਰਾਰਾ ਜਵਾਬ ਦਿੱਤਾ ਜਾਵੇ। ਇਸ ਮੌਕੇ ਪਟਿਆਲਾ ਸ਼ਹਿਰੀ ਪ੍ਰਧਾਨ ਹਰਸ਼ ਸਿੰਗਲਾ, ਪਟਿਆਲਾ ਦਿਹਾਤੀ ਪ੍ਰਧਾਨ ਪ੍ਰਵੀਨ ਮਲਹੋਤਰਾ, ਅਸੀਸ ਵਰਮਾ, ਮਨੀਸ਼ ਅਨੇਜਾ, ਸੰਜੀਵ ਗੋਇਲ, ਰਾਣਾ ਤੇ ਰਿਸ਼ਵ ਮਲਹੋਤਰਾ ਆਦਿ ਹਾਜ਼ਰ ਸਨ।