ਐੱਸਓਐੱਲ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਜੂਨ
ਕ੍ਰਾਂਤੀਕਾਰੀ ਯੁਵਾ ਸੰਗਠਨ ਨੇ ਅੱਜ ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ (ਐੱਸਓਐੱਲ) ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ 3 ਜੂਨ ਨੂੰ ਡਿਗਰੀ ਮੇਲੇ ਦੇ ਮਾੜੇ ਪ੍ਰਬੰਧਾਂ ਲਈ ਜ਼ਿੰਮੇਵਾਰ ‘ਐੱਸਓਐੱਲ’ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ 3 ਜੂਨ ਨੂੰ ਐੱਸਓਐੱਲ ਨੇ ਗ੍ਰੈਜੂਏਟ ਹੋਣ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਲਈ ਡਿਗਰੀ ਮੇਲਾ ਲਗਾਇਆ ਸੀ। ਇਸ ਲਈ ਯੂਨੀਵਰਸਿਟੀ ਦੇ ਸਟੇਡੀਅਮ ਦੀ ਬੁਕਿੰਗ ਅਤੇ ਸਟਾਫ ਦੀ ਹਾਜ਼ਰੀ ਲਈ ਲੱਖਾਂ ਰੁਪਏ ਖਰਚ ਕੀਤੇ ਗਏ। ‘ਕੇਵਾਈਐਸ’ ਨੇ ਕਿਹਾ ਕਿ ਕੁਪ੍ਰਬੰਧਨ ਦੇ ਨਤੀਜੇ ਵਜੋਂ ਪ੍ਰੋਗਰਾਮ ਦੌਰਾਨ ਭਗਦੜ ਮਚ ਗਈ ਸੀ। ਇਸ ਦੌਰਾਨ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ। ਪਿਛਲੇ ਮਹੀਨਿਆਂ ਦੌਰਾਨ ਮਾੜੇ ਪ੍ਰਬੰਧਾਂ ਕਾਰਨ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਵੀ ਆਖਰੀ ਸਮੇਂ ਰੱਦ ਹੋ ਗਈਆਂ ਹਨ। ‘ਕੇਵਾਈਐੱਸ’ ਨੇ ਕਿਹਾ ਕਿ ਐਸਓਐਲ ਦੇ ਬੀਏ ਪ੍ਰੋਗਰਾਮ ਦੇ ਵਿਦਿਆਰਥੀਆਂ ਦੀ ਸਮੈਸਟਰ ਦੀ ਆਖ਼ਰੀ ਪ੍ਰੀਖਿਆ 4 ਮਾਰਚ ਤੋਂ ਹੋਣੀ ਸੀ ਪਰ ਜਦੋਂ ਵਿਦਿਆਰਥੀ ਪ੍ਰੀਖਿਆ ਕੇਂਦਰਾਂ ‘ਤੇ ਪਹੁੰਚੇ ਤਾਂ ਦੇਖਿਆ ਕਿ ਉਨ੍ਹਾਂ ਦੀਆਂ ਪ੍ਰੀਖਿਆਵਾਂ ਮਨਮਾਨੇ ਢੰਗ ਨਾਲ ਰੱਦ ਕਰ ਦਿੱਤੀਆਂ ਗਈਆਂ ਸਨ।
ਡੀਯੂ ਵੱਲੋਂ ਐਡਵਾਈਜ਼ਰੀ ਜਾਰੀ
ਦਿੱਲੀ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ (ਐਸਓਐਲ) ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਵਿਦਿਆਰਥੀ ਬਿਨਾਂ ਰਜਿਸਟ੍ਰੇਸ਼ਨ ਦੇ ਕਿਸੇ ਵੀ ਸਮਾਗਮ ਵਿੱਚ ਸ਼ਾਮਲ ਨਾ ਹੋਣ। ਐਸਓਐੱਲ ਦੇ ਪ੍ਰਿੰਸੀਪਲ ਉਮਾ ਸ਼ੰਕਰ ਪਾਂਡੇ ਨੇ ਕਿ ਮੌਜੂਦਾ ਤੇ ਸਾਬਕਾ ਵਿਦਿਆਰਥੀਆਂ ਨੂੰ ਬਿਨਾਂ ਰਜਿਸਟ੍ਰੇਸ਼ਨ ਦੇ ਐੱਸਓਐੱਲ ਵੱਲੋਂ ਕਰਵਾਏ ਜਾਂਦੇ ਕਿਸੇ ਵੀ ਸਮਾਗਮ ਵਿੱਚ ਪਹੁੰਚ ਕੇ ਬੇਲੋੜੀ ਭੀੜ ਨਹੀਂ ਵਧਾਉਣੀ ਚਾਹੀਦੀ। ਇਸ ਤੋਂ ਇਲਾਵਾ ਕਿਸੇ ਵੀ ਸਮਾਗਮ ਲਈ ਨਿਰਧਾਰਿਤ ਸਥਾਨ ‘ਤੇ ਪਹੁੰਚਣ ਉੱਤੇ ਅਨੁਸ਼ਾਸਨ ਦਾ ਧਿਆਨ ਰੱਖਿਆ ਜਾਵੇ ਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।