ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸਕੂਲ ਮੈਨੇਜਮੈਂਟ ਖ਼ਿਲਾਫ਼ ਮੁਜ਼ਾਹਰਾ
ਪੱਤਰ ਪ੍ਰੇਰਕ
ਸ਼ਾਹਕੋਟ, 26 ਅਕਤੂਬਰ
ਇੱਥੋਂ ਦੇ ਨਿੱਜੀ ਸਕੂਲ ਮਹਿਤਪੁਰ ਵਿੱਚ ਸਕੂਲ ’ਚ ਤਾਇਨਾਤ ਸਕੂਲ ਦੇ ਡਾਇਰੈਕਟਰ ਦੇ ਭਰਾ ਵੱਲੋਂ ਕੀਤੀ ਘਿਨਾਉਣੀ ਹਰਕਤ ਤੋਂ ਬਾਅਦ ਸਕੂਲ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਵਿਚ ਆ ਕੇ ਪ੍ਰਬੰਧਕਾਂ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਮਾਮਲਾ ਗੰਭੀਰ ਹੁੰਦਾ ਦੇਖ ਕੇ ਡੀਐੱਸਪੀ ਉਂਕਾਰ ਸਿੰਘ ਬਰਾੜ ਅਤੇ ਐੱਸਐੱਚਓ ਮਹਿਤਪੁਰ ਪੁਲੀਸ ਫੋਰਸ ਲੈ ਕੇ ਸਕੂਲ ਪਹੁੰਚ ਗਏ। ਇਸ ਦੌਰਾਨ ਜਦੋਂ ਡੀਐੱਸਪੀ ਬਰਾੜ ਸਕੂਲ ਦੇ ਡਾਇਰੈਕਟਰ ਨੂੰ ਥਾਣੇ ਲਿਜਾਣ ਲੱਗੇ ਤਾਂ ਉਨ੍ਹਾਂ ਨੂੰ ਬੱਚਿਆਂ ਦੇ ਮਾਪਿਆਂ ਦੇ ਰੋਹ ਦਾ ਸਾਹਮਣਾ ਵੀ ਕਰਨਾ ਪਿਆ। ਕਾਫੀ ਮੁਸ਼ੱਕਤ ਤੋਂ ਬਾਅਦ ਪੁਲੀਸ ਡਾਇਰੈਕਟਰ ਨੂੰ ਆਪਣੇ ਨਾਲ ਲੈ ਗਈ। ਇਸ ਸਬੰਧੀ ਡੀਐੱਸਪੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਈ ਵਾਰ ਫੋਨ ਕਰਨ ’ਤੇ ਵੀ ਫੋਨ ਸੁਣਨਾ ਮੁਨਾਸਿਬ ਨਾ ਸਮਝਿਆ। ਐੱਸਐੱਚਓ ਮਹਿਤਪੁਰ ਜੈ ਪਾਲ ਨੇ ਜਾਣਕਾਰੀ ਦੇਣ ਤੋਂ ਟਾਲਾ ਵੱਟਦਿਆਂ ਕਿਹਾ ਕਿ ਇੰਸਪੈਕਟਰ ਸੀਮਾ ਰਾਣੀ ਪਰਚਾ ਦਰਜ ਕਰ ਰਹੀ ਹੈ। ਵਿਦਿਆਰਥੀਆਂ ਦੇ ਮਾਪਿਆਂ ਨੇ ਦੱਸਿਆ ਕਿ ਸਕੂਲ ਵਿਚ ਤਾਇਨਾਤ ਡਾਇਰੈਕਟਰ ਦੇ ਭਰਾ ਦਾ ਕਮਰਾ ਲੜਕੀਆਂ ਦੇ ਪਖਾਨੇ ਨੇੜੇ ਹੈ। ਡਾਇਰੈਕਟਰ ਦੇ ਭਰਾ ’ਤੇ ਵੀਡੀਓ ਬਣਾਉਣ ਦਾ ਦੋਸ਼ ਹੈ। ਇਸ ਮੌਕੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬੱਚਿਆਂ ਦੇ ਮਾਪਿਆਂ ਨੇ ਸਕੂਲ ਮੈਨਜਮੈਂਟ ਅਤੇ ਪੁਲੀਸ ਪ੍ਰਸ਼ਾਸਨ ’ਤੇ ਮੁਲਜ਼ਮ ਨੂੰ ਭਜਾਉਣ ਦਾ ਦੋਸ਼ ਵੀ ਲਗਾਇਆ। ਉਨ੍ਹਾਂ ਡੀਐੱਸਪੀ ’ਤੇ ਲੋਕਾਂ ਨਾਲ ਧੱਕਾ ਮੁੱਕੀ ਕਰਨ ਦਾ ਵੀ ਦੋਸ਼ ਲਗਾਇਆ।