ਬੰਗਲਾਦੇਸ਼ ਵਿੱਚ ਘੱਟ-ਗਿਣਤੀਆਂ ’ਤੇ ਅਤਿਆਚਾਰ ਖ਼ਿਲਾਫ਼ ਪ੍ਰਦਰਸ਼ਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 16 ਅਗਸਤ
ਬੰਗਲਾਦੇਸ਼ ਵਿੱਚ ਘੱਟ-ਗਿਣਤੀਆਂ ’ਤੇ ਹੋ ਰਹੇ ਅੱਤਿਆਚਾਰ ਖ਼ਿਲਾਫ਼ ਅੱਜ ਦਿੱਲੀ ’ਚ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਭਾਜਪਾ ਦੀ ਸੰਸਦ ਮੈਂਬਰ ਬਾਂਸੁਰੀ ਸਵਰਾਜ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਵੀਸੀ ਸੰਤਸ੍ਰੀ ਡੀ ਪੰਡਿਤ ਨੇ ਮਾਰਚ ਵਿੱਚ ਹਿੱਸਾ ਲਿਆ। ਆਰਐੱਸਐੱਸ ਨਾਲ ਜੁੜੇ ਨਾਰੀ ਸ਼ਕਤੀ ਫੋਰਮ ਦੀ ਅਗਵਾਈ ਹੇਠ ਕੀਤੇ ਗਏ ਇਸ ਪ੍ਰਦਰਸ਼ਨ ਵਿੱਚ ਸ਼ੇਖ ਹਸੀਨਾ ਦੇ ਅਸਤੀਫੇ ਤੋਂ ਬਾਅਦ ਹਿੰਦੂਆਂ ’ਤੇ ਹੋ ਰਹੇ ਹਮਲੇ ਬੰਦ ਕਰਨ ਦੀ ਮੰਗ ਕੀਤੀ ਗਈ। ਰੈਲੀ ਵਿੱਚ ਭਾਜਪਾ ਦੀ ਮੁਅੱਤਲ ਆਗੂ ਨੂਪੁਰ ਸ਼ਰਮਾ ਵੀ ਮੌਜੂਦ ਸੀ। ਪ੍ਰਦਰਸ਼ਨਕਾਰੀਆਂ ਨੇ ਧਾਰਮਿਕ ਝੰਡੇ ਅਤੇ ਤਖ਼ਤੀਆਂ ਫੜੀਆਂ ਸਨ। ਕੁਝ ਪ੍ਰਦਰਸ਼ਨਕਾਰੀਆਂ ਨੇ ਆਪਣੇ ਮੂੰਹ ਕਾਲੀਆਂ ਪੱਟੀਆਂ ਨਾਲ ਢਕੇ ਹੋਏ ਸਨ ਜੋ ਘੱਟ ਗਿਣਤੀਆਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਪ੍ਰਤੀਕ ਸੀ।
ਇਸ ਦੌਰਾਨ ਭਾਜਪਾ ਦੀ ਸੰਸਦ ਮੈਂਬਰ ਬਾਂਸੁਰੀ ਸਵਰਾਜ ਨੇ ਕਿਹਾ ਕਿ, ‘‘ਬੰਗਲਾਦੇਸ਼ ਵਿੱਚ ਸਿਆਸੀ ਅਸਥਿਰਤਾ ਨੂੰ ਦੇਖਦਿਆਂ ਹਾਲਾਤ ਬੇਹਦ ਚਿੰਤਾਜਨਕ ਹਨ। ਇਸ ਅਸਥਿਰਤਾ ਦਾ ਸਭ ਤੋਂ ਵੱਡਾ ਸ਼ਿਕਾਰ ਬੰਗਲਾਦੇਸ਼ ਦਾ ਹਿੰਦੂ ਭਾਈਚਾਰਾ ਅਤੇ ਹੋਰ ਘੱਟ ਗਿਣਤੀਆਂ ਹਨ। ਔਰਤਾਂ ਨਾਲ ਜਬਰ-ਜਨਾਹ ਹੋ ਰਹੇ ਹਨ ਅਤੇ ਮਰਦਾਂ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਅੱਜ ਦੇ ਰੋਸ ਮਾਰਚ ਰਾਹੀਂ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਹਿੰਦੂ ਭਾਈਚਾਰਾ ਸ਼ਾਂਤਮਈ ਹੈ।’’