ਵਿਦਿਆਰਥੀਆਂ ਵੱਲੋਂ ਐੱਨਟੀਏ ਖ਼ਿਲਾਫ਼ ਪ੍ਰਦਰਸ਼ਨ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਜੁਲਾਈ
ਨੀਟ ਘੁਟਾਲੇ ’ਤੇ ਵਿਦਿਆਰਥੀ ਜਥੇਬੰਦੀ ਆਇਸਾ ਤੇ ਹੋਰ ਭਰਾਤਰੀ ਧਿਰਾਂ ਨੇ ਜੰਤਰ-ਮੰਤਰ ਵਿੱਚ ਇੱਕ ਜਨਤਕ ਮੀਟਿੰਗ ਕੀਤੀ, ਜਿਸ ਵਿੱਚ ਸੁਪਰੀਮ ਕੋਰਟ ਦੇ ਬੈਂਚ ਨੂੰ 40 ਲੱਖ ਵਿਦਿਆਰਥੀਆਂ ਨੂੰ ਇਨਸਾਫ਼ ਦੇਣ ਦੀ ਅਪੀਲ ਕੀਤੀ ਗਈ। ਵਿਦਿਆਰਥੀਆਂ ਨੇ ਅਪੀਲ ਕੀਤੀ ਕਿ ਸੁਪਰੀਮ ਕੋਰਟ ਐੱਨਟੀਏ ਦੇ ਸੰਪੂਰਨ ਢਾਂਚਾਗਤ ਭ੍ਰਿਸ਼ਟਾਚਾਰ ਅਤੇ ਇਸ ਭ੍ਰਿਸ਼ਟ ਸੰਸਥਾ ਵਿੱਚ ਸਿੱਖਿਆ ਮੰਤਰੀ ਦੀ ਮਿਲੀਭੁਗਤ ਨੂੰ ਧਿਆਨ ਵਿੱਚ ਰੱਖ ਕੇ ਕਾਰਵਾਈ ਕਰੇ। ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕਰਦੇ ਹੋਏ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ ਗਈ। ਵਿਦਿਆਰਥੀਆਂ ਦੇ ਭਵਿੱਖ ਅਤੇ ਪ੍ਰੀਖਿਆ ਪ੍ਰਕਿਰਿਆ ਦੀ ਭਰੋਸੇਯੋਗਤਾ ਲਈ ਵਿਦਿਆਰਥੀਆਂ ਨੇ ਨੀਟ-2024 ਦੀ ਮੁੜ ਪ੍ਰੀਖਿਆ ਕਰਵਾਉਣ ਲਈ ਅਪੀਲ ਕੀਤੀ।
ਜਨਤਕ ਮੀਟਿੰਗ ਵਿੱਚ ਜੇਐੱਨਯੂਐੱਸਯੂ ਦੇ ਪ੍ਰਧਾਨ ਧਨੰਜੈ ਨੇ ਕਿਹਾ, ‘‘ਸਾਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਐੱਨਟੀਏ ਦੀ ਟੈਸਟਿੰਗ ਪ੍ਰਕਿਰਿਆ ਦੇ ਅਪਰਾਧਿਕ ਢਾਂਚੇ ਨੂੰ ਧਿਆਨ ਵਿੱਚ ਰੱਖੇਗੀ ਅਤੇ ਸਿੱਖਿਆ ਮੰਤਰੀ ਤੋਂ ਅਸਲ ਜ਼ਿੰਮੇਵਾਰੀ ਦੀ ਮੰਗ ਕਰੇਗੀ।’’ ਆਇਸਾ ਦਿੱਲੀ ਦੇ ਪ੍ਰਧਾਨ ਅਭਿਗਿਆਨ ਨੇ ਕਿਹਾ, ‘‘ਐੱਨਟੀਏ ਅਤੇ ਸਿੱਖਿਆ ਮੰਤਰੀ ਨੇ ਸਾਰੀ ਭਰੋਸੇਯੋਗਤਾ ਗੁਆ ਦਿੱਤੀ ਹੈ। ਘੁਟਾਲੇ ਦਾ ਨੈੱਟਵਰਕ ਸਿਖਰ ਤੋਂ ਸ਼ੁਰੂ ਹੁੰਦਾ ਹੈ ਅਤੇ ਇਸਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ। ਇਹ ਐੱਨਟੀਏ ਦੀ ਸੰਗਠਿਤ ਅਪਰਾਧ ਕਾਰਵਾਈ ਹੈ, ਜਿਸ ਖ਼ਿਲਾਫ਼ ਤੁਰੰਤ ਕਾਰਵਾਈ ਦੀ ਲੋੜ ਹੈ। ਸਾਨੂੰ ਭਰੋਸਾ ਹੈ ਕਿ 40 ਲੱਖ ਨੌਜਵਾਨਾਂ ਦਾ ਭਵਿੱਖ ਬਰਬਾਦ ਕਰਨ ਵਾਲਿਆਂ ’ਤੇ ਬੈਂਚ ਸਖ਼ਤੀ ਨਾਲ ਪੇਸ਼ ਆਵੇਗਾ।’’
ਵਿਦਿਆਰਥੀਆਂ ਨੇ ਸੁਪਰੀਮ ਕੋਰਟ ਨੂੰ ਇੱਕ ਖੁੱਲ੍ਹਾ ਪੱਤਰ ਲਿਖਦਿਆਂ ਐੱਨਟੀਏ ਖ਼ਤਮ ਕਰਨ, ਨੀਟ ਦੀ ਮੁੜ ਪ੍ਰੀਖਿਆ ਤੇ ਇਮਤਿਹਾਨਾਂ ਦੇ ਕੇਂਦਰੀਕਰਨ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਵਿਦਿਆਰਥੀ ਫ਼ੈਸਲੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।