ਮਗਨਰੇਗਾ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਖ਼ਿਲਾਫ਼ ਪ੍ਰਦਰਸ਼ਨ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 3 ਸਤੰਬਰ
ਸ਼ਹਿਰ ਦੀ ਹੱਦ ’ਚ ਆਉਂਦੇ ਟਿੱਬੀ ਰਵਿਦਾਸਪੁਰਾ ਦੇ ਗਰੀਬ ਪਰਿਵਾਰਾਂ ਦੇ ਲੋਕਾਂ ਨੇ ਮਗਨਰੇਗਾ ਤਹਿਤ ਸਹੀ ਕੰਮ ਨਾ ਮਿਲਣ ’ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਇਸ ਮੁੱਦੇ ’ਤੇ ਪਿੰਡ ਵਿੱਚ ਇੱਕ ਰੋਹ ਭਰਪੂਰ ਰੈਲੀ ਕਰਦਿਆਂ ਪ੍ਰਸ਼ਾਸਨ ’ਤੇ ਉਨ੍ਹਾਂ ਦੀ ਚਿਰ੍ਹਾਂ ਤੋਂ ਲਟਕਦੀ ਮੰਗ ਨੂੰ ਅਣਗੌਲਿਆ ਕਰਨ ਦਾ ਵੀ ਦੋਸ਼ ਲਾਇਆ।
ਮਜ਼ਦੂਰ ਆਗੂ ਧਰਮਪਾਲ ਨਮੋਲ ਅਤੇ ਸਤਪਾਲ ਸਿੰਘ ਮਹਿਲਾਂ ਚੌਕ ਨੇ ਕਿਹਾ ਕਿ ਪਿੰਡ ਰਵਿਦਾਸਪੁਰਾ ਟਿੱਬੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਮਨਰੇਗਾ ਦਾ ਕੰਮ ਬੰਦ ਪਿਆ ਹੈ। ਕਾਨੂੰਨ ਮੁਤਾਬਕ ਸਾਰੇ ਲਾਭਪਾਤਰੀਆਂ ਨੂੰ 100 ਦਿਨ ਦਾ ਰੁਜ਼ਗਾਰ ਨਹੀਂ ਮਿਲਿਆ, ਜਿਸ ਕਾਰਨ ਖੇਤ ਮਜ਼ਦੂਰਾਂ ਅੰਦਰ ਭਾਰੀ ਰੋਸ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮਗਨਰੇਗਾ ਮਜ਼ਦੂਰ ਨੂੰ ਸਾਲਾਨਾ ਮਿਲਣ ਵਾਲਾ 100 ਦਿਨ ਦਾ ਪੱਕਾ ਰੁਜ਼ਗਾਰ ਦਿੱਤਾ ਜਾਵੇ। ਮਜ਼ਦੂਰਾਂ ਦੇ ਇਸ ਇਕੱਠ ਨੇ ਬਲਾਕ ਅਤੇ ਪੰਚਾਇਤ ਅਫਸਰ ਸੁਨਾਮ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਪੰਚਾਇਤ ਅਫਸਰ ਸੰਜੀਵ ਕੁਮਾਰ ਨੇ ਮਜ਼ਦੂਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜਲਦ ਉਨ੍ਹਾਂ ਦੀ ਮੰਗ ਪੂਰੀ ਕੀਤੀ ਜਾਵੇਗੀ ਅਤੇ ਕਾਨੂੰਨਨ ਮਗਨਰੇਗਾ ਦਾ ਕੰਮ ਫੌਰੀ ਚਲਾਇਆ ਜਾਵੇਗਾ। ਉਧਰ ਮੌਕੇ ’ਤੇ ਹਾਜ਼ਰ ਮਜ਼ਦੂਰਾਂ ਨੇ ਐਲਾਨ ਕੀਤਾ ਕਿ ਜੇਕਰ ਇੱਕ ਹਫ਼ਤੇ ’ਚ ਮਜ਼ਦੂਰਾਂ ਨੂੰ ਕੰਮ ਨਾ ਦਿੱਤਾ ਗਿਆ ਤਾਂ ਉਹ ਇਸ ਖ਼ਿਲਾਫ਼ ਪੱਕਾ ਮੋਰਚਾ ਲਾਉਣ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਜੀਤ ਸਿੰਘ, ਪਰਮਜੀਤ ਕੌਰ, ਦਿਲਜੀਤ ਕੌਰ, ਮਲਕੀਤ ਕੌਰ, ਮੇਵਾ ਸਿੰਘ, ਰਾਣੀ ਕੌਰ, ਲਛਮੀ ਦੇਵੀ ਸਮੇਤ ਹੋਰ ਹਾਜ਼ਰ ਸਨ।