ਕਾਲਜ ਵਿੱਚ ‘ਨੋ ਐਂਟਰੀ’ ਖ਼ਿਲਾਫ਼ ਪਾੜ੍ਹਿਆਂ ਵੱਲੋਂ ਪ੍ਰਦਰਸ਼ਨ
ਸ਼ਗਨ ਕਟਾਰੀਆ
ਬਠਿੰਡਾ, 21 ਅਗਸਤ
ਇੱਥੋਂ ਦੇ ਸਰਕਾਰੀ ਰਾਜਿੰਦਰਾ ਕਾਲਜ ਵਿੱਚ ਦੇਰੀ ਨਾਲ ਕਾਲਜ ਆਉਣ ਵਾਲੇ ਵਿਦਿਆਰਥੀਆਂ ਦੀ ਕਥਿਤ ‘ਨੋ ਐਂਟਰੀ’ ਨਿਯਮ ਖ਼ਿਲਾਫ਼ ਜਥੇਬੰਦ ਵਿਦਿਆਰਥੀਆਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਵਿਖਾਵਾਕਾਰੀ ਵਿਦਿਆਰਥੀਆਂ ਦੀ ਅਗਵਾਈ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਲੀਡਰਸ਼ਿਪ ਵੱਲੋਂ ਕੀਤੀ ਗਈ। ਪੀਐੱਸਯੂ ਦੇ ਆਗੂ ਰਜਿੰਦਰ ਸਿੰਘ ਅਤੇ ਪੀਐੱਸਯੂ (ਲਲਕਾਰ) ਦੇ ਆਗੂ ਪਰਮਿੰਦਰ ਕੌਰ ਨੇ ਦੱਸਿਆ ਕਿ ਕਾਲਜ ਮੈਨੇਜਮੈਂਟ ਵੱਲੋਂ ਸਵੇਰੇ 9.45 ਵਜੇ ਤੋਂ ਬਾਅਦ ਲੇਟ ਆਉਣ ਵਾਲੇ ਵਿਦਿਆਰਥੀਆਂ ਲਈ ਕਾਲਜ ਦਾ ਗੇਟ ਬੰਦ ਰੱਖਣ ਬਾਰੇ ਫ਼ੈਸਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅੱਜ ਲੇਟ ਆਏ ਕਰੀਬ 5 ਤੋਂ 6 ਦਰਜਨ ਵਿਦਿਆਰਥੀਆਂ ਨੂੰ ਨਵੇਂ ਨਿਯਮ ਮੁਤਾਬਕ ਕਾਲਜ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ, ਜਿਸ ਦੇ ਵਿਰੋਧ ਵਿੱਚ ਜਥੇਬੰਦ ਵਿਦਿਆਰਥੀ ਸੰਗਠਨਾਂ ਦੀ ਰਹਿਨੁਮਾਈ ’ਚ ਵਿਦਿਆਰਥੀਆਂ ਵੱਲੋਂ ਮੌਕੇ ’ਤੇ ਹੀ ਕਾਲਜ ਦੇ ਗੇਟ ’ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ। ਆਗੂਆਂ ਅਨੁਸਾਰ ਜੱਥੇਬੰਦੀਆਂ ਵੱਲੋਂ ਕਰੀਬ ਦੋ ਘੰਟੇ ਕਾਲਜ ਦੇ ਗੇਟ ਅੱਗੇ ਧਰਨਾ ਲਾਉਣ ਤੋਂ ਬਾਅਦ ਵੀ ਜਦੋਂ ਪ੍ਰਿੰਸੀਪਲ ਵੱਲੋਂ ਮਸਲੇ ਬਾਰੇ ਕੋਈ ਸਾਰਥਿਕ ਹੱਲ ਦੇ ਸੰਕੇਤ ਨਾ ਮਿਲੇ ਤਾਂ ਵਿਦਿਆਰਥੀਆਂ ਨੇ ਖੁਦ ਕਾਲਜ ਦਾ ਗੇਟ ਖੋਲ੍ਹ ਕੇ, ਪ੍ਰਿੰਸੀਪਲ ਦੇ ਦਫ਼ਤਰ ਅੱਗੇ ਧਰਨਾ ਸ਼ੁਰੂ ਕਰ ਦਿੱਤਾ। ਵਿਦਿਆਰਥੀ ਆਗੂਆਂ ਅਨੁਸਾਰ ਇਸ ਤੋਂ ਬਾਅਦ ਪ੍ਰਿੰਸੀਪਲ ਵੱਲੋਂ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਗਿਆ ਕਿ ਕਾਲਜ ਆਏ ਕਿਸੇ ਵੀ ਵਿਦਿਆਰਥੀ ਨੂੰ ਕਾਲਜ ਅੰਦਰ ਦਾਖ਼ਲ ਹੋਣ ਤੋਂ ਕਥਿਤ ਨਹੀਂ ਰੋਕਿਆ ਜਾਵੇਗਾ। ਭਰੋਸਾ ਮਿਲਣ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਰੁਪਿੰਦਰ ਕੌਰ, ਪਾਇਲ ਅਰੋੜਾ, ਹਰਮਨਦੀਪ ਕੌਰ, ਦੀਪ ਘੁੰਮਣ, ਗੁਰਵਿੰਦਰ ਘੁੰਮਣ, ਅੰਸ਼ ਗੋਂਦਾਰਾ ਹਾਜ਼ਰ ਸਨ।