ਫਲਸਤੀਨੀਆਂ ’ਤੇ ਅਣਮਨੁੱਖੀ ਤਸ਼ੱਦਦ ਖ਼ਿਲਾਫ਼ ਪ੍ਰਦਰਸ਼ਨ 19 ਨੂੰ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਨਵੰਬਰ
ਇਜ਼ਰਾਈਲ ਵੱਲੋਂ ਫ਼ਲਸਤੀਨ ਉੱਪਰ ਕੀਤੇ ਜਾ ਰਹੇ ਹਮਲੇ ਦੇ ਖਿਲਾਫ ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਸੰਗਰੂਰ ਵੱਲੋਂ ਜਨਤਕ ਜਮਹੂਰੀ ਜਥੇਬੰਦੀਆਂ ਅਤੇ ਹੋਰ ਇਨਸਾਫ਼ ਪਸੰਦ ਲੋਕਾਂ ਦੇ ਸਹਿਯੋਗ ਨਾਲ 19 ਨਵੰਬਰ ਨੂੰ ਸੰਗਰੂਰ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਇਹ ਫੈਸਲਾ ਅੱਜ ਇੱਥੇ ਗ਼ਦਰ ਮੈਮੋਰੀਅਲ ਭਵਨ ਵਿੱਚ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ।
ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਇਜ਼ਰਾਈਲ ਵੱਲੋਂ ਹਮਾਸ ਉਪਰ ਹਮਲੇ ਦੇ ਪਰਦੇ ਹੇਠ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ। ਗਾਜ਼ਾ ਪੱਟੀ ਵਿਚ ਖਾਣ ਪੀਣ ਵਾਲੇ ਸਮਾਨ ਦੀ ਨਾਕਾਬੰਦੀ ਕਰਕੇ ਅਤੇ ਰਿਹਾਇਸ਼ੀ ਇਲਾਕਿਆਂ, ਸਕੂਲਾਂ, ਯੂਨੀਵਰਸਿਟੀਆਂ, ਹਸਪਤਾਲਾਂ, ਐਂਬੂਲੈਂਸਾਂ, ਰਾਹਤ ਸ਼ਿਵਿਰਾਂ ਉਪਰ ਹਵਾਈ ਅਤੇ ਜ਼ਮੀਨੀ ਹਮਲੇ ਕਰਕੇ ਹੁਣ ਤੱਕ 10500ਤੋਂ ਜ਼ਿਆਦਾ ਲੋਕਾਂ ,ਜਿਨ੍ਹਾਂ ਵਿੱਚੋਂ 4000 ਬੱਚਿਆਂ, ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।