ਬਿਲਡਿੰਗ ਬ੍ਰਾਂਚ ਖ਼ਿਲਾਫ਼ ਪ੍ਰਦਰਸ਼ਨ
ਟ੍ਰਬਿਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਜੁਲਾਈ
ਨਗਰ ਨਿਗਮ ਵੱਲੋਂ ਖਸਤਾ ਹਾਲ ਅਸੁਰੱਖਿਅਤ ਐਲਾਨੀ ਇਮਾਰਤ ਦੇ ਤੋੜਨ ਦਾ ਨੋਟਿਸ ਦੇਣ ਤੋਂ ਬਾਅਦ ਸਾਲ ਲੰਘਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣ ’ਤੇ ਇਮਾਰਤ ਮਾਲਕ ਅਤੇ ਨਿਗਮ ਅਧਿਕਾਰੀਆਂ ਵਿਚਕਾਰ ਮਿਲੀਭੁਗਤ ਦੇ ਦੋਸ਼ ਲਾਉਂਦੇ ਹੋਏ ਸ੍ਰੀ ਹਿੰਦੂ ਤਖਤ ਵੱਲੋਂ ਸੂਬਾ ਪ੍ਰਚਾਰਕ ਵਰੁਣ ਮਹਿਤਾ ਦੀ ਅਗਵਾਈ ’ਚ ਨਿਗਮ ਦੇ ਜ਼ੋਨ-ਡੀ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਵਰੁਣ ਮਹਿਤਾ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ’ਚ ਕਈ ਸਾਲ ਪੁਰਾਣੀਆਂ ਸੈਂਕੜੇ ਇਮਾਰਤਾਂ ਹਨ, ਜੋ ਕਿ ਇਸ ਸਮੇਂ ਬਹੁਤ ਖਸਤਾ ਹੋ ਚੁੱਕੀਆਂ ਹਨ ਤੇ ਪਿਛਲੇਂ ਕੁਝ ਸਮੇਂ ਦੌਰਾਨ ਕਈ ਇਮਾਰਤਾਂ ਡਿੱਗਣ ਦੀਆਂ ਘਟਨਾਵਾਂ ਵੀ ਹੋ ਚੁੱਕੀਆਂ ਹਨ। ਅਜਿਹੀ ਹੀ ਇੱਕ ਇਮਾਰਤ ਸਥਾਨਕ ਫਿਰੋਜ਼ਪੁਰ ਰੋਡ ’ਤੇ ਹੈ। ਇਸ ਨੂੰ ਅਸੁਰੱਖਿਅਤ ਕਹਿੰਦੇ ਹੋਏ ਬਿਲਡਿੰਗ ਬ੍ਰਾਂਚ ਵੱਲੋਂ ਸਾਲ ਪਹਿਲਾਂ ਮਾਲਕ ਨੂੰ ਇਮਾਰਤ ਤੋੜਨ ਦਾ ਨੋਟਿਸ ਦਿੱਤਾ ਗਿਆ ਸੀ, ਉਸ ਤੋਂ ਬਾਅਦ ਪੁਲੀਸ ਵੱਲੋਂ ਵੀ ਸਰਵੇਖਣ ਕਰਨ ਤੋਂ ਬਾਅਦ ਨਿਗਮ ਨੂੰ ਇਮਾਰਤ ਨੂੰ ਤੋੜਨ ਲਈ ਆਖਿਆ ਗਿਆ ਸੀ, ਪਰ ਇਮਾਰਤ ਅਜੇ ਤੱਕ ਢਾਹੀ ਨਹੀਂ ਗਈ। ਮੁਹੱਲੇ ਵਾਲਿਆਂ ਨੇ ਅੱਜ ਤੋਂ 15 ਦਨਿ ਪਹਿਲਾਂ ਨਿਗਮ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਵਰੁਣ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੇ ਵਿਜੀਲੈਂਸ ਤੋਂ ਵੀ ਇਸ ਮਾਮਲੇ ’ਚ ਇਮਾਰਤ ਮਾਲਕ ਤੇ ਭ੍ਰਿਸ਼ਟ ਅਧਿਕਾਰੀਆਂ ਦੀ ਮਿਲੀਭੁਗਤ ਦੀ ਨਿਰਪੱਖ ਜਾਂਚ ਕਰ ਕੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਨਿਗਮ ਦੇ ਐੱਮਟੀਪੀ ਰਜਨੀਸ਼ ਵਧਵਾ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ 7 ਦਨਿ ’ਚ ਨਿਗਮ ਇਸ ਮਾਮਲੇ ’ਚ ਐਕਸ਼ਨ ਲਵੇਗਾ। ਇਸ ਮੌਕੇ ਸਾਗਰ ਕੁਮਾਰ ਗੁੱਡੂ, ਪੰਕਜ ਕੁਮਾਰ, ਸੋਨੂੰ ਚੈਂਪੀਅਨ, ਰਾਜ ਪ੍ਰਧਾਨ, ਸ਼ਰੀਫ਼ਾ, ਦਰਸ਼ੀ, ਮੰਨੂ ਮੌਜੂਦ ਸਨ।