ਮਜ਼ਦੂਰ ਦੇ ਘਰ ਦੀ ਕੁਰਕੀ ਖ਼ਿਲਾਫ ਪ੍ਰਦਰਸ਼ਨ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 1 ਦਸੰਬਰ
ਇੱਥੋਂ ਨੇੜਲੇ ਪਿੰਡ ਕਪਿਆਲ ਵਿੱਚ ਇੱਕ ਫਾਇਨਾਂਸ ਕੰਪਨੀ ਵੱਲੋਂ ਮਜ਼ਦੂਰ ਪਰਿਵਾਰ ਦੇ ਘਰ ਤੇ ਵਰਕਸ਼ਾਪ ਦਾ ਵਾਰੰਟ ਕਬਜ਼ਾ ਕਰਨ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਇਕਾਈ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਬਲਾਕ ਆਗੂ ਅਮਨਦੀਪ ਸਿੰਘ ਮਹਿਲਾ ਚੌਕ ਅਤੇ ਰਘਵੀਰ ਸਿੰਘ ਘਰਾਚੋਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪਿੰਡ ਕਪਿਆਲ ਦੇ ਵਾਸੀ ਮਜੀਦ ਮੁਹੰਮਦ ਨੇ ਚਾਰ ਸਾਲ ਪਹਿਲਾਂ ਵਰਕਸ਼ਾਪ ਦਾ ਕੰਮ ਚਲਾਉਣ ਲਈ ਇਕ ਫਾਇਨਾਂਸ ਕੰਪਨੀ ਤੋਂ ਕਰਜ਼ਾ ਲਿਆ ਸੀ, ਜਿਸ ਦੀਆਂ ਉਹ ਕਿਸ਼ਤਾਂ ਸਹੀ ਭਰ ਰਿਹਾ ਸੀ। ਅਚਾਨਕ ਕਰੋਨਾ ਬਿਮਾਰੀ ਦੌਰਾਨ ਲੌਕਡਾਊਨ ਕਾਰਨ ਉਸ ਦਾ ਕੰਮ ਨਹੀਂ ਚੱਲਿਆ ਅਤੇ ਘਰਵਾਲੀ ਬਿਮਾਰ ਰਹਿਣ ਲੱਗ ਪਈ। ਇਸੇ ਦੌਰਾਨ ਫਾਇਨਾਂਸ ਕੰਪਨੀ ਵੱਲੋਂ ਉਸ ਦੇ ਕਰਜ਼ੇ ਵਿੱਚੋਂ ਪਹਿਲਾਂ ਹੀ 86 ਹਜ਼ਾਰ ਰੁਪਏ ਖਰਚਿਆ ਦੇ ਨਾਂ ’ਤੇ ਕੱਟ ਲਏ ਸੀ, ਜਿਸ ਦਾ ਬਾਅਦ ਵਿੱਚ ਪਤਾ ਲੱਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਮਜ਼ਦੂਰ ਰਹਿੰਦੀ ਰਕਮ ਹੁਣ ਵੀ ਮੋੜਨ ਲਈ ਤਿਆਰ ਹੈ। ਜਥੇਬੰਦੀ ਦੇ ਵਿਰੋਧ ਨੂੰ ਦੇਖਦਿਆਂ ਅੱਜ ਕੋਈ ਵੀ ਅਧਿਕਾਰੀ ਵਾਰੰਟ ਕਬਜ਼ਾ ਲੈਣ ਨਹੀਂ ਪਹੁੰਚਿਆ।