ਬੁਲਡੋਜ਼ਰ ਨਾਲ ਮੁਲਜ਼ਮਾਂ ਦੇ ਘਰ ਢਾਹੁਣਾ ਮਨਜ਼ੂਰ ਨਹੀਂ: ਕਾਂਗਰਸ
ਨਵੀਂ ਦਿੱਲੀ, 24 ਅਗਸਤ
ਕਾਂਗਰਸ ਨੇ ਕਿਹਾ ਹੈ ਕਿ ਭਾਜਪਾ ਸ਼ਾਸਿਤ ਸੂਬਿਆਂ ’ਚ ਘੱਟ ਗਿਣਤੀਆਂ ਨੂੰ ਵਾਰ-ਵਾਰ ਨਿਸ਼ਾਨਾ ਬਣਾਉਣਾ ਪ੍ਰੇਸ਼ਾਨ ਕਰਨ ਵਾਲਾ ਵਰਤਾਰਾ ਹੈ ਅਤੇ ਬੁਲਡੋਜ਼ਰ ਨਿਆਂ ਮਨਜ਼ੂਰ ਨਹੀਂ ਹੈ ਤੇ ਇਹ ਰੁਕਣਾ ਚਾਹੀਦਾ ਹੈ। ਕਾਂਗਰਸ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ’ਚ ਹਿੰਸਾ ’ਚ ਸ਼ਾਮਲ ਸ਼ਾਹਜ਼ਾਦ ਅਲੀ ਦੇ ਘਰ ਨੂੰ ਢਾਹ ਦਿੱਤਾ ਗਿਆ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਿਸੇ ਦਾ ਘਰ ਢਾਹ ਕੇ ਉਸ ਦੇ ਪਰਿਵਾਰ ਨੂੰ ਬੇਘਰ ਕਰਨਾ ਅਮਾਨਵੀ ਅਤੇ ਅਨਿਆਂ ਵਾਲਾ ਕਦਮ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ ਕਿ ਕਾਨੂੰਨ ਦੇ ਸ਼ਾਸਨ ਰਾਹੀਂ ਚਲਣ ਵਾਲੇ ਸਮਾਜ ’ਚ ਅਜਿਹੀਆਂ ਕਾਰਵਾਈਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ’ਚ ਡਰ ਪੈਦਾ ਕਰਨ ਲਈ ਬੁਲਡੋਜ਼ਰ ਚਲਾਉਣ ਜਿਹੇ ਢੰਗ-ਤਰੀਕੇ ਸੰਵਿਧਾਨ ਦਾ ਘੋਰ ਅਪਮਾਨ ਹੈ। ‘ਕੁਦਰਤੀ ਨਿਆਂ ਦੀ ਥਾਂ ਬਦਅਮਨੀ ਨਹੀਂ ਲੈ ਸਕਦੀ ਹੈ। ਕਿਸੇ ਵੀ ਜੁਰਮ ਦਾ ਫ਼ੈਸਲਾ ਅਦਾਲਤਾਂ ’ਚ ਹੋਣਾ ਚਾਹੀਦਾ ਹੈ।’ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ‘ਐਕਸ’ ’ਤੇ ਕਿਹਾ ਕਿ ਜੇ ਕੋਈ ਮੁਲਜ਼ਮ ਹੈ ਤਾਂ ਉਸ ਦਾ ਫ਼ੈਸਲਾ ਅਦਾਲਤ ’ਚ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦੇ ਪਰਿਵਾਰ ਨੂੰ ਸਜ਼ਾ ਦੇਣਾ, ਉਨ੍ਹਾਂ ਦੇ ਸਿਰ ਤੋਂ ਛੱਤ ਹਟਾ ਦੇਣਾ, ਕਾਨੂੰਨ ਦੀ ਪਾਲਣਾ ਨਾ ਕਰਨਾ ਅਤੇ ਦੋਸ਼ ਲੱਗਣ ਦੇ ਤੁਰੰਤ ਮਗਰੋਂ ਮੁਲਜ਼ਮ ਦਾ ਘਰ ਢਾਹ ਦੇਣਾ ਇਨਸਾਫ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਨੂੰਨਘਾੜਿਆਂ, ਕਾਨੂੰਨ ਦੇ ਰਖਵਾਲਿਆਂ ਅਤੇ ਤੋੜਨ ਵਾਲਿਆਂ ਵਿਚਕਾਰ ਫ਼ਰਕ ਹੋਣਾ ਚਾਹੀਦਾ ਹੈ। -ਪੀਟੀਆਈ
ਬੇਰੁਜ਼ਗਾਰੀ ਵਧਣ ਕਾਰਨ ਵਿਧਾਨ ਸਭਾ ਚੋਣਾਂ ’ਚ ਲੋਕ ਭਾਜਪਾ ਨੂੰ ਸਬਕ ਸਿਖਾਉਣਗੇ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੋਦੀ ਸਰਕਾਰ ’ਤੇ ਨੌਕਰੀਆਂ ਬਾਰੇ ‘ਫ਼ਰਜ਼ੀ ਬਿਰਤਾਂਤ’ ਸਿਰਜਣ ਦਾ ਦੋਸ਼ ਲਾਉਂਦਿਆਂ ਦਾਅਵਾ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਲੋਕ ਭਾਜਪਾ ਨੂੰ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਯੂਥ ਵਿਰੋਧੀ ਨੀਤੀਆਂ ਕਾਰਨ ਦੇਸ਼ ’ਚ ਬੇਰੁਜ਼ਗਾਰੀ ਵਧ ਰਹੀ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ, ‘‘ਬੈਂਕ ਆਫ਼ ਬੜੌਦਾ ਦੀ ਤਾਜ਼ਾ ਰਿਪੋਰਟ ਮੁਤਾਬਕ 2022-23 ’ਚ 375 ਕੰਪਨੀਆਂ ’ਚ 2.43 ਲੱਖ ਨੌਕਰੀਆਂ ਘੱਟ ਹੋ ਗਈਆਂ। ਬਿਹਾਰ ’ਚ ਕਾਂਸਟੇਬਲ ਭਰਤੀ ਪ੍ਰੀਖਿਆ ਲਈ 18 ਲੱਖ ਉਮੀਦਵਾਰਾਂ ਨੇ 21 ਹਜ਼ਾਰ ਖਾਲੀ ਪੋਸਟਾਂ ਲਈ ਅਰਜ਼ੀਆਂ ਦਿੱਤੀਆਂ ਹਨ।’’ ਉਨ੍ਹਾਂ ਕਿਹਾ ਕਿ ਬੈਂਕਿੰਗ, ਫਾਇਨਾਂਸ, ਇੰਸ਼ੋਰੈਂਸ, ਪ੍ਰਾਹੁਣਚਾਰੀ ਸਣੇ ਸਾਰੇ ਖੇਤਰਾਂ ’ਚ ਨੌਕਰੀਆਂ ਘੱਟ ਹੋਈਆਂ ਹਨ। ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਚੀਨ ਨੂੰ ਹੁਣ ‘ਲਾਲ ਅੱਖਾਂ’ ਨਹੀਂ ਦਿਖਾਏਗੀ ਸਗੋਂ ਉਹ ਚੀਨੀ ਕੰਪਨੀਆਂ ਲਈ ‘ਲਾਲ ਕਾਲੀਨ’ ਵਿਛਾਏਗੀ ਤਾਂ ਜੋ ਉਹ ਭਾਰਤ ’ਚ ਨਿਵੇਸ਼ ਕਰ ਸਕਣ। -ਪੀਟੀਆਈ