ਡੈਮੋਕਰੇਟਿਕ ਮਨਰੇਗਾ ਫਰੰਟ ਵੱਲੋਂ ਬੀਡੀਪੀਓ ਦਫਤਰ ਘੇਰਨ ਦਾ ਐਲਾਨ
ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 17 ਨਵੰਬਰ
ਡੈਮੋਕ੍ਰੇਟਿਕ ਮਨਰੇਗਾ ਫਰੰਟ ਦੇ ਸੱਦੇ ’ਤੇ 20 ਨਵੰਬਰ ਨੂੰ ਮਨਰੇਗਾ ਮਜ਼ਦੂਰਾਂ ਨੇ ਸੁਨਾਮ ਦਾ ਬੀਡੀਪੀਓ ਦਫਤਰ ਘੇਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਥੇਬੰਦੀ ਦੀ ਬਲਾਕ ਕਮੇਟੀ ਦੀ ਮੀਟਿੰਗ ਬਲਾਕ ਪ੍ਰਧਾਨ ਨਿਰਮਲਾ ਕੌਰ ਧਰਮਗੜ੍ਹ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਵਿੱਚ ਮੌਜੂਦ ਫਰੰਟ ਦੇ ਸੂਬਾ ਸਲਾਹਕਾਰ ਕਰਨੈਲ ਸਿੰਘ ਜਖੇਪਲ, ਫਰੰਟ ਦੀ ਸੂਬਾ ਆਗੂ ਸੁਖਵਿੰਦਰ ਕੌਰ, ਬਲਜੀਤ ਕੋਰ ਸਤੌਜ, ਗੁਰਧਿਆਨ ਕੌਰ ਨਮੋਲ, ਸੋਮਾ ਕੌਰ ਨਮੋਲ, ਪਰਮਜੀਤ ਕੌਰ ਬੀਰ ਕਲਾਂ ਤੇ ਕਸ਼ਮੀਰ ਕੌਰ ਜਵੰਧੇ ਨੇ ਕਿਹਾ ਕਿ 20 ਨਵੰਬਰ ਨੂੰ ਬੀਡੀਪੀਓ ਦਫਤਰ ਸਾਹਮਣੇ ਮਨਰੇਗਾ ਕਾਮੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇਣਗੇ। ਉਨ੍ਹਾਂ ਕਿਹਾ ਕਿ ਬੀਡੀਪੀਓ ਦਫਤਰ ਵੱਲੋਂ ਮਨਰੇਗਾ ਨੂੰ ਕਾਨੂੰਨ ਅਨੁਸਾਰ ਲਾਗੂ ਨਹੀਂ ਕੀਤਾ ਜਾ ਰਿਹਾ ਸਗੋਂ ਅਰਜ਼ੀ ਦੇ ਕੇ ਕੰਮ ਮੰਗਣ ਵਾਲਿਆਂ ਨੂੰ ਕੰਮ ਦੇਣ ਦੀ ਬਜਾਏ ਪ੍ਰੇਸ਼ਾਨ ਕੀਤਾ ਜਾਂਦਾ ਹੈ। ਫਰੰਟ ਦੇ ਜ਼ਿਲ੍ਹਾ ਸਕੱਤਰ ਨਿਰਮਲ ਸਿੰਘ ਉਭਿਆ ਤੇ ਬਲਾਕ ਸਕੱਤਰ ਨਿਰਮਲਾ ਕੌਰ ਧਰਮਗੜ੍ਹ ਨੇ ਕਿਹਾ ਕਿ ਕਿਸੇ ਵੀ ਸਰਕਾਰ ਨੇ ਬੇਰੁਜ਼ਗਾਰੀ ਭੱਤੇ ਲਈ ਨਿਯਮ ਦੇ ਅਨੁਸਾਰ ਫੰਡ ਕਾਇਮ ਨਹੀਂ ਕੀਤਾ ਜੋ ਸੰਵਿਧਾਨਕ ਉਲੰਘਣਾ ਹੈ।