For the best experience, open
https://m.punjabitribuneonline.com
on your mobile browser.
Advertisement

ਜਮਹੂਰੀਅਤ ਦਾ ਦਿਨ

06:40 AM Jun 01, 2024 IST
ਜਮਹੂਰੀਅਤ ਦਾ ਦਿਨ
Advertisement

ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਿ਼ਰੀ ਗੇੜ ਤਹਿਤ ਵੋਟਰਾਂ ਨੇ ਸ਼ਨਿਚਰਵਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਸਮੇਤ ਜਿਨ੍ਹਾਂ 57 ਸੀਟਾਂ ’ਤੇ ਖੜ੍ਹੇ ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਕਰਨਾ ਹੈ, ਉਨ੍ਹਾਂ ’ਚ ਪੰਜਾਬ ਦੀਆਂ 13 ਸੀਟਾਂ ਵੀ ਸ਼ਾਮਲ ਹਨ। ਪੰਜਾਬ ਵਿੱਚ 26 ਮਹਿਲਾਵਾਂ ਸਮੇਤ ਕੁੱਲ 328 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਚੋਣ ਮੁਕਾਬਲਿਆਂ ਵਿੱਚ ਭਾਵੇਂ ਹਰ ਵਾਰ ਕੁਝ ਨਾ ਕੁਝ ਨਵਾਂ ਵਾਪਰਦਾ ਹੈ ਪਰ ਇਸ ਵਾਰ ਦੀਆਂ ਚੋਣਾਂ ਨੇ ਦਲ ਬਦਲੀਆਂ ਦਾ ਰੰਗ ਸਭ ਤੋਂ ਵੱਧ ਦੇਖਿਆ ਹੈ। ਕਈ ਸਿਆਸੀ ਆਗੂਆਂ ਨੇ ਦਿਨਾਂ ਵਿੱਚ ਹੀ ਇੱਕ ਤੋਂ ਵੱਧ ਵਾਰ ਪਾਰਟੀਆਂ ਬਦਲੀਆਂ ਅਤੇ ਨਵੇਂ ਰੰਗਾਂ ’ਚ ਲੋਕਾਂ ਸਾਹਮਣੇ ਆਏ। ਇਸ ਤੋਂ ਇਲਾਵਾ ਜਿੱਥੇ ਬਹੁਤ ਸਾਰੇ ਨਵੇਂ ਚਿਹਰੇ ਮੈਦਾਨ ’ਚ ਹਨ, ਉੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਚਾਰ ਵਾਰ ਦੇ ਸੰਸਦ ਮੈਂਬਰ ਪ੍ਰਨੀਤ ਕੌਰ ਤੇ ਤਿੰਨ ਵਾਰ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਵੀ ਮੁਕਾਬਲੇ ’ਚ ਹਨ।
‘ਇੰਡੀਆ’ ਗੱਠਜੋੜ ਦੇ ਭਾਈਵਾਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ’ਚ ਵੱਖੋ-ਵੱਖਰੇ ਤੌਰ ’ਤੇ ਚੋਣ ਲੜ ਰਹੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੀ 1996 ਤੋਂ ਬਾਅਦ ਪਹਿਲੀ ਵਾਰ ਆਪੋ-ਆਪਣੇ ਤੌਰ ’ਤੇ ਜ਼ੋਰ ਅਜ਼ਮਾਈ ਕਰ ਰਹੇ ਹਨ। ਇਨ੍ਹਾਂ ਸਾਰੀਆਂ ਪਾਰਟੀਆਂ ਤੋਂ ਇਲਾਵਾ ਅਕਾਲੀ ਦਲ (ਅ) ਅਤੇ ਬਹੁਜਨ ਸਮਾਜ ਪਾਰਟੀ ਨੇ ਵੀ ਸਾਰੀਆਂ ਸੀਟਾਂ ’ਤੇ ਆਪਣੇ ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਹੋਏ ਹਨ। ਸਾਬਕਾ ਸਫ਼ੀਰ ਤਰਨਜੀਤ ਸਿੰਘ ਸੰਧੂ ਭਾਜਪਾ ਦੀ ਸੀਟ ’ਤੇ ਅੰਮ੍ਰਿਤਸਰ ਸੰਸਦੀ ਸੀਟ ’ਤੇ ਕਿਸਮਤ ਅਜ਼ਮਾ ਰਹੇ ਹਨ ਅਤੇ ਕੌਮੀ ਸੁਰੱਖਿਆ ਐਕਟ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜ ਰਿਹਾ ਹੈ।
ਸਖ਼ਤ ਗਰਮੀ ਦੇ ਬਾਵਜੂਦ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਵੱਲੋਂ ਪ੍ਰਚਾਰ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਸਾਰੀਆਂ ਸਿਆਸੀ ਪਾਰਟੀਆਂ ਨੇ ਰੈਲੀਆਂ ਅਤੇ ਰੋਡ ਸ਼ੋਅ ਕਰ ਕੇ ਲੋਕਾਂ ਦੇ ਦਿਲ ਤਕ ਪਹੁੰਚਣ ਦਾ ਯਤਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਉਮੀਦਵਾਰਾਂ ਦੇ ਹੱਕ ’ਚ ਪੰਜਾਬ ਵਿੱਚ ਵੀ ਰੈਲੀਆਂ ਕੀਤੀਆਂ। ਕਾਂਗਰਸ ਵੱਲੋਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਵੋਟਰਾਂ ਨਾਲ ਰਾਬਤਾ ਬਣਾਇਆ। ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਥਾਂ-ਥਾਂ ਰੈਲੀਆਂ ਅਤੇ ਰੋਡ ਸ਼ੋਅ ਕੀਤੇ। ਸ਼ੁਰੂ ’ਚ ਭਾਵੇਂ ਪ੍ਰਚਾਰ ਮੱਠਾ ਸੀ ਪਰ ਅੰਤ ਤਕ ਚੋਣ ਅਖਾੜਾ ਪੂਰੀ ਤਰ੍ਹਾਂ ਮਘ ਚੁੱਕਿਆ ਸੀ ਹਾਲਾਂਕਿ ਇਸ ਵਾਰ ਕਈ ਵੱਡੇ ਸਿਆਸੀ ਚਿਹਰੇ ਚੋਣ ਪ੍ਰਚਾਰ ਤੋਂ ਦੂਰ ਰਹੇ। ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਚੋਣ ਮੈਨੀਫੈਸਟੋ ਮੁਤਾਬਿਕ ਲੋਕਾਂ ਨਾਲ ਵਾਅਦੇ ਕਰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਭਰੋਸੇ ਦਿਵਾਏ ਹਨ। ਹੁਣ ਇਹ ਵੋਟਰਾਂ ਦੇ ਹੱਥ ਹੈ ਕਿ ਉਹ ਆਪਣੇ ਵੋਟ ਦੀ ਵਰਤੋਂ ਸੋਚ ਸਮਝ ਕੇ ਕਰਨ ਅਤੇ ਇਹ ਜ਼ਰੂਰ ਦੇਖਣ ਕਿ ਸੂਬੇ ਅਤੇ ਦੇਸ਼ ਦੇ ਹਿੱਤ ਕਿਸ ਪਾਸੇ ਸੁਰੱਖਿਅਤ ਹਨ। ਕਿਸੇ ਲਾਲਚ ਜਾਂ ਦਬਾਅ ਤੋਂ ਉੱਪਰ ਉੱਠ ਕੇ ਪਾਇਆ ਵੋਟ ਹੀ ਦੇਸ਼ ਦੀ ਤਰੱਕੀ ਲਈ ਸਹਾਈ ਹੋ ਸਕਦਾ ਹੈ ਅਤੇ ਵੋਟਾਂ ਦੇ ਇਸ ਮਹਾਕੁੰਭ ’ਚ ਹਰ ਵੋਟਰ ਨੂੰ ਹਾਜ਼ਰੀ ਜ਼ਰੂਰ ਲਗਵਾਉਣੀ ਚਾਹੀਦੀ ਹੈ।

Advertisement

Advertisement
Author Image

joginder kumar

View all posts

Advertisement
Advertisement
×