ਦਸਮੇਸ਼ ਪੈਦਲ ਮਾਰਚ ਅਗਲੇ ਪੜਾਅ ਲਈ ਰਵਾਨਾ
ਜਗਮੋਹਨ ਸਿੰਘ
ਘਨੌਲੀ, 23 ਦਸੰਬਰ
ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੀ ਘਟਨਾ ਦੇ ਸਬੰਧ ਵਿੱਚ ਕਿਲ੍ਹਾ ਆਨੰਦਗੜ੍ਹ ਤੋਂ ਗੁਰਦੁਆਰਾ ਮਹਿੰਦੀਆਣਾ ਸਾਹਿਬ ਤੱਕ ਸਜਾਇਆ ਜਾ ਰਿਹਾ ਅਲੌਕਿਕ ਦਸਮੇਸ਼ ਪੈਦਲ ਮਾਰਚ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ ਰਾਤ ਕੱਟਣ ਉਪਰੰਤ ਅਗਲੇ ਪੜਾਅ ਲਈ ਰਵਾਨਾ ਹੋ ਗਿਆ ਹੈ। ਬੀਤੀ ਰਾਤ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ ਕੱਟਣ ਉਪਰੰਤ ਅੱਜ ਬਾਅਦ ਦੁਪਹਿਰ ਸਾਡੇ 12 ਵਜੇ ਮਾਰਚ ਦੇ ਮੁੱਖ ਪ੍ਰਬੰਧਕ ਬਾਬਾ ਕੁਲਵੰਤ ਸਿੰਘ ਤੇ ਬਾਬਾ ਜਰਨੈਲ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਪੈਦਲ ਮਾਰਚ ਅਗਲੇ ਪੜਾਅ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਲਈ ਰਵਾਨਾ ਹੋ ਗਿਆ। ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰੋਡੇ, ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਮੀਤ ਮੈਨੇਜਰ ਸੰਦੀਪ ਸਿੰਘ ਕਲੋਤਾ, ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਇੰਚਾਰਜ ਦਵਿੰਦਰ ਸਿੰਘ ਤੋਂ ਇਲਾਵਾ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਚੰਦੂਮਾਜਰਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੋਗੀ ਅਕਾਲੀ ਆਗੂ ਜਰਨੈਲ ਸਿੰਘ ਸਹੋਤਾ ਸੁੱਚਾ ਸਿੰਘ ਸਰਸਾ ਨੰਗਲ ਆਪ ਸਮੇਤ ਵੱਡੀ ਗਿਣਤੀ ਵਿੱਚ ਮੋਹਤਬਰ ਹਾਜ਼ਰ ਸਨ। ਇਸ ਉਪਰੰਤ ਇਹ ਪੈਦਲ ਮਾਰਚ ਸਰਸਾ ਨੰਗਲ, ਘਨੌਲੀ, ਨੂੰਹੋਂ, ਰਤਨਪੁਰਾ, ਦਬੁਰਜੀ, ਲੋਹਗੜ੍ਹ ਫਿੱਡੇ, ਲੌਦੀਮਾਜਰਾ, ਕਟਲੀ ਪਿੰਡਾਂ ਵਿੱਚੋਂ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਪੁੱਜਿਆ। ਇਲਾਕੇ ਦੇ ਸ਼ਰਧਾਲੂਆਂ ਦੁਆਰਾ ਜਿੱਥੇ ਪੈਦਲ ਮਾਰਚ ਵਿੱਚ ਸ਼ਾਮਲ ਸੰਗਤ ਲਈ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਦਾ ਪ੍ਰਬੰਧ ਕੀਤਾ ਗਿਆ, ਉੱਥੇ ਹੀ ਘੋੜਿਆਂ ਤੇ ਊਠਾਂ ਲਈ ਵੀ ਹਰੇ ਚਾਰੇ ਤੇ ਦਾਣੇ ਦਾ ਪ੍ਰਬੰਧ ਕੀਤਾ ਗਿਆ। ਇਸ ਦੌਰਾਨ ਕਾਂਗਰਸ ਕਮੇਟੀ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ, ਸਕੱਤਰ ਬਹਾਦਰ ਸਿੰਘ ਝੱਜ ਤੇ ਬਾਲ ਕ੍ਰਿਸ਼ਨ ਬਿੱਟੂਪੈਦਲ ਮਾਰਚ ਵਿੱਚ ਸ਼ਾਮਲ ਹੋਏ।
ਰੂਪਨਗਰ (ਪੱਤਰ ਪ੍ਰੇਰਕ): ਸੇਂਟ ਕਾਰਮਲ ਸਕੂਲ ਕਟਲੀ ਦੇ ਪ੍ਰਬੰਧਕਾਂ ਵੱਲੋਂ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿਜਦਾ ਕਰਨ ਲਈ ਸਕੂਲ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਸਕੂਲ ਦੇ ਸਰਪ੍ਰਸਤ ਅਮਰਜੀਤ ਸਿੰਘ ਸੈਣੀ, ਐੱਮਡੀ ਮਾਧੁਰੀ ਸੈਣੀ ਅਤੇ ਵਿਕਾਸ ਪ੍ਰਬੰਧਕ ਜਯਾ ਸੈਣੀ ਨੇ ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਦੱਸਿਆ।
ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਵਿਖੇ ਸਫਰ-ਏ-ਸ਼ਹਾਦਤ ਪ੍ਰੋਗਰਾਮ
ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਪਰਿਵਾਰ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ਗੁਰਦੁਆਰਾ ਸਾਹਿਬ ਵਿਖੇ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ ਨੇ ਸਫਰ-ਏ-ਸ਼ਹਾਦਤ ਦੇ ਧਾਰਮਿਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਲਸਾਨੀ ਕੁਰਬਾਨੀਆਂ ਦੀ ਦੁਨੀਆ ਦੇ ਕਿਸੇ ਵੀ ਇਤਿਹਾਸ ਵਿੱਚ ਮਿਸਾਲ ਨਹੀਂ ਮਿਲਦੀ। ਸਮਾਗਮ ਵਿੱਚ ਪ੍ਰਸਿੱਧ ਕਥਾ ਵਾਚਕ ਭਾਈ ਹਰਵਿੰਦਰ ਸਿੰਘ, ਭਾਈ ਦਵਿੰਦਰ ਸਿੰਘ ਖਾਲਸਾ, ਭਾਈ ਸਿਮਰਨਜੀਤ ਸਿੰਘ ਟੋਹਾਣੇ ਵਾਲੇ, ਭਾਈ ਵੀਰਦਵਿੰਦਰ ਸਿੰਘ ਲੁਧਿਆਣਾ ਵਾਲੇ, ਭਾਈ ਹਰਦੀਪ ਸਿੰਘ ਫਤਿਹਗੜ੍ਹ ਸਾਹਿਬ ਅਤੇ ਗਿਆਨੀ ਚਰਨਜੀਤ ਸਿੰਘ ਨੇ ਕਥਾ ਕੀਤੀ। ਇਸ ਮੌਕੇ ਗੁਰਮੀਤ ਸਿੰਘ ਸਕੱਤਰ, ਸੁਖਦੇਵ ਸਿੰਘ ਰਾਜ ਸੀ.ਉਪ ਚੇਅਰਮੈਨ, ਗੁਰਦੇਵ ਸਿੰਘ ਨਾਭਾ, ਜਸਪਾਲ ਸਿੰਘ ਕਲੋਦੀ ਖਜਾਨਚੀ, ਜੈ ਕ੍ਰਿਸ਼ਨ ਕਸਯਪ, ਨਿਰਮਲ ਸਿੰਘ ਮੀਨੀਆਂ, ਬਲਦੇਵ ਸਿੰਘ ਦੁਸਾਂਝ ਜੁਆਇਟ ਸਕੱਤਰ, ਰਾਜ ਕੁਮਾਰ ਪਾਤੜਾਂ, ਪਰਮਜੀਤ ਸਿੰਘ ਖੰਨਾ, ਮਹਿੰਦਰ ਸਿੰਘ ਖੰਨਾ, ਮਹਿੰਦਰ ਸਿੰਘ ਮਰਿੰਡਾ, ਬਨਾਰਸੀ ਦਾਸ ਆਡੀਟਰ, ਨਵਜੋਤ ਸਿੰਘ ਮੈਨੇਜਰ, ਜੋਗਿੰਦਰਪਾਲ, ਤਰਸੇਮ ਸਿੰਘ, ਅੰਮੀ ਚੰਦ, ਹਰਨੇਕ ਸਿੰਘ ਨਾਭਾ, ਬਲਦੇਵ ਸਿੰਘ ਲੋਹਾਰਾ, ਸੰਤੋਖ ਸਿਘ ਜਲੰਧਰ, ਬਲਜਿੰਦਰ ਕੌਰ, ਬਲਦੇਵ ਸਿੰਘ ਮਹਿਰਾ, ਕੁਲਦੀਪ ਸਿੰਘ ਜੇ.ਈ, ਜੱਥੇ.ਰਘਵੀਰ ਸਿੰਘ, ਬੀਰਦਵਿੰਦਰ ਸਿੰਘ ਮੋਰਿਡਾ ਅਤੇ ਦਰਸ਼ਨ ਸਿੰਘ ਪਾਇਲ ਹਾਜ਼ਰ ਸਨ।
ਕੁੰਮਾ ਮਾਸ਼ਕੀ ਵਿਖੇ ਪ੍ਰਬੰਧਕਾਂ ਨੂੰ ਪੰਡਾਲ ਤੋਂ ਬਾਹਰ ਕਰਨੇ ਪਏ ਪ੍ਰਬੰਧ
ਰੂਪਨਗਰ/ਘਨੌਲੀ: ਮਾਤਾ ਗੁਜਰੀ ਜੀ ਤੇ ਛੋਟੋ ਸਾਹਿਬਜ਼ਾਦਿਆਂ ਨੂੰ ਬੇੜੀ ਰਾਹੀਂ ਸਿਰਸਾ ਨਦੀ ਪਾਰ ਕਰਵਾਉਣ ਵਾਲੇ ਕੁੰਮਾ ਮਾਸ਼ਕੀ ਮਲਾਹ ਦੀ ਯਾਦ ਵਿੱਚ ਚੱਕ ਢੇਰਾ ਵਿਖੇ ਗੁਰਦੁਆਰਾ ਯਾਦਗਾਰ ਛੰਨ ਕੁੰਮਾ ਮਾ਼ਸ਼ਕੀ ਜੀ ਚੱਕ ਢੇਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਤਿੰਨ ਦਿਨਾ ਸਾਲਾਨਾ ਜੋੜ ਮੇਲ ਦੇ ਦੂਜੇ ਦਿਨ ਸੰਗਤ ਵਿੱਚ ਇੰਨਾ ਉਤਸ਼ਾਹ ਵੇਖਣ ਨੂੰ ਮਿਲਿਆ ਕਿ ਪ੍ਰਬੰਧਕਾਂ ਦੁਆਰਾ ਸੰਗਤ ਦੇ ਬੈਠਣ ਲਈ ਲਗਾਇਆ ਪੰਡਾਲ ਵੀ ਛੋਟਾ ਪੈ ਗਿਆ। ਪੰਡਾਲ ਖਚਾਖਚ ਭਰਨ ਉਪਰੰਤ ਪ੍ਰਬੰਧਕਾਂ ਦੁਆਰਾ ਪੰਡਾਲ ਦੀਆਂ ਆਲੇ-ਦੁਆਲੇ ਦੀਆਂ ਚਾਨਣੀਆਂ ਖੋਲ੍ਹ ਕੇ ਸੰਗਤ ਦੇ ਬਾਹਰ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕਰਨੇ ਪਏ। ਜੋੜ ਮੇਲ ਦੇ ਦੂਜੇ ਦਿਨ ਗਿਆਨੀ ਹਰਪਾਲ ਸਿੰਘ ਦੀ ਦੇਖ-ਰੇਖ ਅਧੀਨ ਸਫਰ-ਏ-ਸ਼ਹਾਦਤ ਕਾਫਲਾ ਸਮਾਗਮ ਦੇ ਪਹਿਲੇ ਪੜਾਅ ਤਹਿਤ ਕੀਰਤਨ ਦਰਬਾਰ ਕਰਵਾਇਆ ਗਿਆ। ਸਮਾਗਮ ਦੌਰਾਨ ਪ੍ਰਬੰਧਕਾਂ ਤੋਂ ਇਲਾਵਾ ਵੱਖ ਵੱਖ ਇਲਾਕਿਆਂ ਦੇ ਸ਼ਰਧਾਲੂਆਂ ਦੁਆਰਾ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਖੋਜਕਰਤਾ ਭਾਈ ਸੁਰਿੰਦਰ ਸਿੰਘ ਖਜੂਰਲਾ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਚੱਕ ਢੇਰਾ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਤੇ ਗਰੂ ਘਰ ਦੇ ਸੇਵਾਦਾਰ ਹਾਜ਼ਰ ਸਨ।
ਧਾਰਮਿਕ ਸਮਾਗਮ ਕਰਵਾਇਆ
ਮੰਡੀ ਗੋਬਿੰਦਗੜ੍ਹ: ਇੱਥੋਂ ਦੇ ਗੋਬਿੰਦਗੜ੍ਹ ਪਬਲਿਕ ਸਕੂਲ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਵਿਦਿਆਰਥੀਆਂ ਨੂੰ ਇਤਿਹਾਸ ਨਾਲ ਸਬੰਧਿਤ ਚਾਰ ਸਾਹਿਬਜ਼ਾਦੇ ਫਿਲਮ ਵੀ ਦਿਖਾਈ ਗਈ। ਸਮਾਗਮ ਨੂੰ ਸਕੂਲ ਪ੍ਰਿੰਸੀਪਲ ਡਾ. ਨੀਰੂ ਅਰੋੜਾ, ਉਪ ਪ੍ਰਿੰਸੀਪਲ ਅਤੇ ਕੋਆਰਡੀਨੇਟਰ ਸਾਧਨਾ ਸ਼ਰਮਾ ਨੇ ਸੰਬੋਧਨ ਕੀਤਾ। -ਨਿੱਜੀ ਪੱਤਰ ਪ੍ਰੇਰਕ
ਬੱਚਿਆਂ ਦੇ ਪ੍ਰਸ਼ਨੋਤਰੀ ਮੁਕਾਬਲੇ
ਖਰੜ (ਪੱਤਰ ਪ੍ਰੇਰਕ): ਇੱਥੋਂ ਦੇ ਡਾਇਮੰਡ ਪਬਲਿਕ ਸਕੂਲ ਨੇ ਅੱਜ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨਾਲ ਸਬੰਧਿਤ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਇਸ ਦੌਰਾਨ ਬੱਚਿਆਂ ਨੂੰ ‘ਚਾਰ ਸਾਹਿਬਜ਼ਾਦੇ’ ਫਿਲਮ ਵੀ ਦਿਖਾਈ ਗਈ। ਸਕੂਲ ਪ੍ਰਿੰਸੀਪਲ ਕੰਵਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ। ਡਾਇਰੈਕਟਰ ਅਮਰਜੀਤ ਸਿੰਘ ਨੇ ਜੇਤੂ ਬੱਚਿਆਂ ਦਾ ਸਨਮਾਨ ਕੀਤਾ।
ਦੁਕਾਨਦਾਰਾਂ ਨੇ ਲੰਗਰ ਲਗਾਇਆ
ਜ਼ੀਰਕਪੁਰ (ਨਿੱਜੀ ਪੱਤਰ ਪ੍ਰੇਰਕ): ਲੋਹਗੜ੍ਹ ਰੋਡ ਮਾਰਕੀਟ ਕਮੇਟੀ ਦੁਕਾਨਦਾਰਾਂ ਵੱਲੋਂ ਲੰਗਰ ਲਗਾਇਆ ਗਿਆ। ਅਵਤਾਰ ਸਿੰਘ ਅਤੇ ਦੁਕਾਨਦਾਰਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸ਼ਹੀਦੀ ਜੋੜ ਮੇਲ ਦੌਰਾਨ ਹੁੱਲੜਬਾਜ਼ੀ ਨਾ ਕੀਤੀ ਜਾਵੇ। ਲੰਗਰ ਦੌਰਾਨ ਅਵਤਾਰ ਸਿੰਘ, ਗੁਰਸਿਮਰਨ ਸਿੰਘ, ਸੁਨੀਲ ਸੇਠੀ, ਸਤਿੰਦਰ ਸਿੰਘ, ਰਾਜੇਸ਼ ਸ਼ਰਮਾ, ਆਂਕਸ਼ਾ, ਪੂਰਵੀ, ਬੀਰ ਸਿੰਘ, ਰੂਬੀ ਅਤੇ ਸੁਮਿਤ ਨੇ ਸੇਵਾ ਨਿਭਾਈ।