ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਤਾਂਤਰਿਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ
ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਨਵੰਬਰ
ਥਾਣਾ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਵਿੱਚ ਇੱਕ ਔਰਤ ਵੱਲੋਂ ਪਿੰਡ ਦੀ ਹੀ ਤਾਂਤਰਿਕ ਔਰਤ ਪਿੱਛੇ ਲਗ ਕੇ ਆਪਣੇ ਪਤੀ ਨੂੰ ਕਤਲ ਕਰਨ ਦੀ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਅੱਜ ਤਰਕਸ਼ੀਲ ਸੁਸਾਇਟੀ ਪੰਜਾਬ, ਜ਼ੋਨ ਲੁਧਿਆਣਾ ਦੇ ਨੁਮਾਇੰਦਿਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਭਾਵੇਂ ਪੁਲੀਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਇਸ ਦੌਰਾਨ ਮੌਤ ਦੇ ਮੂੰਹ ਜਾ ਪਏ ਵਿਅਕਤੀ ਨੂੰ ਕਿਸੇ ਵੀ ਕੀਮਤ ’ਤੇ ਵਾਪਸ ਨਹੀਂ ਲਿਆਇਆ ਜਾ ਸਕੇਗਾ। ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਅੰਧਵਿਸ਼ਵਾਸਾਂ ਵਿਰੁੱਧ ਕਾਨੂੰਨ ਲਾਗੂ ਕਰਨ ਵਿੱਚ ਕੀਤੀ ਜਾ ਰਹੀ ਲਾਪ੍ਰਵਾਹੀ ਦੀ ਨਿਖੇਧੀ ਕੀਤੀ। ਜਸਵੰਤ ਜ਼ੀਰਖ, ਧਰਮਪਾਲ ਸਿੰਘ, ਹਰਚੰਦ ਭਿੰਡਰ, ਰਾਜਿੰਦਰ ਜੰਡਿਆਲੀ ਤੇ ਸਮਸ਼ੇਰ ਨੂਰਪੁਰੀ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਸੂਬਾ ਪੱਧਰ ’ਤੇ ਪੰਜਾਬ ਦੇ ਐੱਮਐੱਲਏਜ਼ ਨੂੰ ਅੰਧਵਿਸ਼ਵਾਸਾਂ ਵਿਰੁੱਧ ਕਾਨੂੰਨ ਦਾ ਖਰੜਾ ਤਿਆਰ ਕਰਕੇ ਬਾਰ-ਬਾਰ ਦੇ ਚੁੱਕੀ ਹੈ। ਪਰ ਪੰਜਾਬ ਸਰਕਾਰ ਨੇ ਅਜੇ ਤੱਕ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਤਰਕਸ਼ੀਲ ਆਗੂਆਂ ਨੇ ਪੰਜਾਬ ਸਰਕਾਰ ਤੋਂ ਅੰਧਵਿਸ਼ਵਾਸਾਂ ਵਿਰੁੱਧ ਕਾਨੂੰਨ ਲਾਗੂ ਕਰਨ ਦੀ ਮੰਗ ਕੀਤੀ ਹੈ।