ਤਰਕਸ਼ੀਲ਼ ਸੁਸਾਇਟੀ ਵਲੋਂ ਪਾਖੰਡੀ ਬਾਬਿਆਂ ਤੇ ਤਾਂਤਰਿਕਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ
ਪੱਤਰ ਪ੍ਰੇਰਕ
ਅੰਮ੍ਰਤਿਸਰ, 7 ਨਵੰਬਰ
ਤਰਕਸ਼ੀਲ ਸੁਸਾਇਟੀ ਅੰਮ੍ਰਤਿਸਰ ਇਕਾਈ ਦੀ ਮੀਟਿੰਗ ਮੌਕੇ ਸੂਬਾਈ ਮੀਡੀਆ ਮੁਖੀ ਸੁਮੀਤ ਸਿੰਘ ਅਤੇ ਇਕਾਈ ਮੁਖੀ ਜਸਪਾਲ ਬਾਸਰਕੇ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਪੰਜਾਬ ਵਿਚ ਕਈ ਪਾਖੰਡੀ ਬਾਬਿਆਂ, ਤਾਂਤਰਿਕਾਂ, ਸਿਆਣਿਆਂ ਵਲੋਂ ਲੋਕਾਂ ਨੂੰ ਅੰਧ ਵਿਸ਼ਵਾਸਾਂ ਵਿਚ ਫਸਾ ਕੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਪਰ ਪੰਜਾਬ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਵਲੋਂ ਅਜਿਹੀਆਂ ਅਪਰਾਧਿਕ ਕਾਰਵਾਈਆਂ ਕਰਨ ਵਾਲਿਆਂ ਉੱਤੇ ਸਖ਼ਤ ਰੋਕ ਲਾਉਣ ਲਈ ਕੋਈ ਠੋਸ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ। ਜ਼ੋਨ ਆਗੂ ਮੁਖ਼ਤਿਆਰ ਗੋਪਾਲਪੁਰ ਨੇ ਪਾਖੰਡੀ ਬਾਬਿਆਂ, ਸਾਧਾਂ ਅਤੇ ਜੋਤਸ਼ੀਆਂ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਨ੍ਹਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਅਖੌਤੀ ਗੈਬੀ ਸ਼ਕਤੀ ਹੈ ਤਾਂ ਉਹ ਸੁਸਾਇਟੀ ਦੀਆਂ 23 ਸ਼ਰਤਾਂ ’ਚੋਂ ਕਿਸੇ ਇਕ ਨੂੰ ਪੂਰਾ ਕਰਕੇ ਪੰਜ ਲੱਖ ਰੁਪਏ ਦਾ ਇਨਾਮ ਜਿੱਤਣ ਦੀ ਚੁਣੌਤੀ ਕਬੂਲਣ ਨਹੀਂ ਤਾਂ ਲੋਕਾਂ ਨੂੰ ਲੁੱਟਣਾ ਬੰਦ ਕਰਨ। ਇਸ ਮੌਕੇ ਇਜ਼ਰਾਈਲ ਵਲੋਂ ਫ਼ਲਸਤੀਨ ਦੇ ਲੱਖਾਂ ਬੇਗੁਨਾਹ ਲੋਕਾਂ ‘ਤੇ ਬੰਬਾਰੀ ਕਰਕੇ ਦਸ ਹਜ਼ਾਰ ਤੋਂ ਵੱਧ ਬੱਚਿਆਂ, ਔਰਤਾਂ, ਮਰੀਜ਼ਾਂ ਅਤੇ ਬਜ਼ੁਰਗਾਂ ਦੀ ਹੱਤਿਆ ਕਰਨ ਦਾ ਸਖ਼ਤ ਵਿਰੋਧ ਕੀਤਾ ਗਿਆ।